ਮੇਰੀ ਮਾਂ ਮੇਰੀ ਤਾਕਤ ਹੈ : ਯੁਵਰਾਜ

06/10/2019 10:51:12 PM

ਨਵੀਂ ਦਿੱਲੀ— ਭਾਰਤ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ ਵਿਚ ਸ਼ਾਮਲ ਯੁਵਰਾਜ ਸਿੰਘ ਨੂੰ ਭਾਰਤੀ ਕ੍ਰਿਕਟ ਵਿਚ ਸਿਕਸਰ ਕਿੰਗ ਤੇ ਕੈਂਸਰ ਜੇਤੂ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। 37 ਸਾਲਾ ਯੁਵਰਾਜ ਨੇ ਮੁੰਬਈ 'ਚ ਸੋਮਵਾਰ ਪ੍ਰੈੱਸ ਕਾਨਫਰੰਸ 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਖੱਬੇ ਹੱਥ ਦਾ ਬੱਲੇਬਾਜ਼ ਯੁਵਰਾਜ ਆਪਣੀ ਜ਼ਬਰਦਸਤ ਬੱਲੇਬਾਜ਼ੀ ਲਈ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ ਅਤੇ ਭਾਰਤ ਨੂੰ 2011 ਵਿਚ 28 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਾਉਣ ਵਿਚ ਉਸ ਦੀ ਮਹੱਤਵਪੂਰਨ ਭੂਮਿਕਾ ਰਹੀ ਸੀ, ਜਿਸ ਲਈ ਉਸ ਨੂੰ 'ਮੈਨ ਆਫ ਦਿ ਟੂਰਨਾਮੈਂਟ' ਦਾ ਖਿਤਾਬ ਮਿਲਿਆ ਸੀ।
ਇਸ ਦੇ ਨਾਲ ਹੀ ਯੁਵੀ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਤੇ ਖਾਸ ਤੌਰ 'ਤੇ ਆਪਣੀ ਮਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹੜੀ ਅੱਜ ਇਥੇ ਮੇਰੇ ਨਾਲ ਮੌਜੂਦ ਹੈ। ਮੇਰੀ ਪਿਆਰੀ ਮਾਂ ਹਮੇਸ਼ਾ ਮੇਰੀ ਤਾਕਤ ਰਹੀ ਹੈ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਸ ਨੇ ਮੈਨੂੰ ਦੋ ਵਾਰ ਜਨਮ ਦਿੱਤਾ ਹੈ। ਕੈਂਸਰ ਵਰਗੀ ਬੀਮਾਰੀ ਦੇ ਸਮੇਂ ਉਹ ਹਮੇਸ਼ਾ ਮੇਰੇ ਨਾਲ ਰਹੀ ਅਤੇ ਮੇਰੇ ਵਿਚ ਜ਼ਿੰਦਗੀ ਜਿਊਣ ਦੀ ਆਸ ਪੈਦਾ ਕਰਦੀ ਰਹੀ। ਉਸ ਨੇ ਨਾਲ ਹੀ ਕਿਹਾ  ਆਪਣੇ ਰੋਲ ਮਾਡਲ ਸਚਿਨ ਤੇਂਦੁਲਕਰ ਨਾਲ ਖੇਡਣਾ ਮੇਰਾ ਸੁਪਨਾ ਪੂਰਾ ਹੋਣ ਵਰਗਾ ਹੈ। ਯੁਵਰਾਜ ਨੇ ਕਿਹਾ ਕਿ ਮੈਂ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਦਾ ਦਿਲੋਂ ਧੰਨਵਾਦੀ ਹਾਂ, ਜਿਸ ਨੇ ਮੈਨੂੰ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ। ਯੁਵਰਾਜ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਰੱਜ ਕੇ ਸ਼ਲਾਘਾ ਕੀਤੀ, ਹਾਲਾਂਕਿ ਉਸ ਦਾ ਪਿਤਾ ਯੋਗਰਾਜ ਕਈ ਵਾਰ ਆਪਣੇ ਬੇਟੇ (ਯੁਵਰਾਜ) ਨੂੰ ਟੀਮ ਵਿਚ ਨਾ ਖਿਡਾਉਣ 'ਤੇ ਉਸ ਦਾ ਖੁੱਲ੍ਹੇ ਤੌਰ 'ਤੇ ਵਿਰੋਧ ਕਰਦਾ ਨਜ਼ਰ ਆਇਆ ਸੀ।

PunjabKesari
ਯੁਵੀ ਨੂੰ ਕ੍ਰਿਕਟਰ ਬਣਾਉਣ ਦਾ ਸੁਪਨਾ ਪਿਤਾ ਯੋਗਰਾਜ ਦਾ ਸੀ
ਯੁਵਰਾਜ ਨੂੰ ਕ੍ਰਿਕਟਰ ਬਣਾਉਣ ਦਾ ਸੁਪਨਾ ਉਸ ਦੇ ਪਿਤਾ ਯੋਗਰਾਜ ਸਿੰਘ ਦਾ ਸੀ। ਕੋਚ ਦੇਸ਼ ਪ੍ਰੇਮ ਆਜ਼ਾਦ ਦੇ ਸ਼ਾਗਿਰਦ ਯੋਗਰਾਜ ਸਿੰਘ ਦਾ ਕੌਮਾਂਤਰੀ ਕਰੀਅਰ ਕਪਿਲ ਦੇਵ ਦੀ ਸਫਲਤਾ ਕਾਰਣ ਸਿਰੇ ਨਹੀਂ ਚੜ੍ਹ ਸਕਿਆ ਅਤੇ ਸਿਰਫ ਇਕ ਟੈਸਟ ਮੈਚ ਖੇਡਣ ਵਾਲਾ ਯੋਗਰਾਜ ਆਪਣੀ ਅਸਫਲਤਾ (ਵੱਧ ਕੌਮਾਂਤਰੀ ਕ੍ਰਿਕਟ ਨਾ ਖੇਡ ਸਕਣਾ) ਨੂੰ ਯੁਵਰਾਜ ਦੀ ਸਫਲਤਾ ਵਿਚ ਬਦਲਣਾ ਚਾਹੁੰਦਾ ਸੀ।  ਬਚਪਨ ਵਿਚ ਯੁਵਰਾਜ ਜਦੋਂ ਰੋਲਰ ਸਕੇਟਿੰਗ ਪ੍ਰਤੀਯੋਗਿਤਾ ਵਿਚ ਚੈਂਪੀਅਨ ਬਣਿਆ ਤਾਂ ਯੋਗਰਾਜ ਨੇ ਉਸ ਦੇ ਖਿਤਾਬ ਨੂੰ ਕੂੜੇ ਵਿਚ ਸੁੱਟ ਦਿੱਤਾ ਸੀ, ਅਜਿਹੀ ਹਾਲਤ 'ਚ ਯੁਵਰਾਜ ਕੋਲ ਕ੍ਰਿਕਟ 'ਚ ਸਫਲ ਹੋਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਉਹ ਕ੍ਰਿਕਟ ਮੈਦਾਨ 'ਚ ਆਇਆ ਅਤੇ ਸ਼ਾਨਦਾਰ ਖੇਡ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ।


Gurdeep Singh

Content Editor

Related News