ਮੇਰਾ ਪੈਸਾ ਤੇ ਸਮਾਂ ਬਰਬਾਦ ਹੋ ਗਿਆ, ਓਲੰਪਿਕ ਦੀਆਂ ਉਮੀਦਾਂ ਧੁੰਦਲੀਆਂ : ਦੂਤੀ ਚੰਦ
Friday, May 01, 2020 - 10:48 AM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਨਾਲ ਓਲੰਪਿਕ ਦੀਆਂ ਤਿਆਰੀਆਂ 'ਤੇ ਖਰਚਿਆ ਹੋਇਆ ਮੇਰਾ ਪੂਰਾ ਪੈਸਾ ਤੇ ਸਮਾਂ ਸਭ ਬਰਬਾਦ ਹੋ ਗਿਆ ਤੇ ਹੁਣ ਮੈਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਮਦਦ ਮਿਲੇਗੀ ਜਾਂ ਨਹੀਂ ਇਹ ਵੀ ਤੈਅ ਨਹੀਂ ਹੈ। ਇਹ ਕਹਿਣਾ ਹੈ ਏਸ਼ੀਆਈ ਖੇਡਾਂ ਦੀ ਦੋਹਰੀ ਚਾਂਦੀ ਤਮਗਾ ਜੇਤੂ ਭਾਰਤ ਦੀ ਚੋਟੀ ਫਰਾਟਾ ਦੌੜਾਕ ਦੂਤੀ ਚੰਦ ਦਾ।
ਕੋਰੋਨਾ ਵਾਇਰਸ ਮਹਾਮਾਰੀ ਤੇ ਉਸ ਤੋਂ ਬਾਅਦ ਦੁਨੀਆ ਭਰ ਵਿਚ ਲਾਗੂ ਲਾਕਡਾਊਨ ਕਾਰਨ ਖੇਡਾਂ ਠੱਪ ਹੋਣ ਨਾਲ ਨਾ ਸਿਰਫ ਓਡੀਸ਼ਾ ਦੀ ਇਸ ਐਥਲੀਟ ਦੀ ਤਿਆਰੀਆਂ ਨੂੰ ਝਟਕਾ ਲੱਗਾ ਸਗੋਂ ਕੋਚਾਂ ਤੇ ਵਿਦੇਸ਼ ਵਿਚ ਟ੍ਰੇਨਿੰਗ ਦੇ ਪ੍ਰਬੰਧਾ 'ਤੇ ਆਪਣੀ ਜੇਬ ਖਤਚ ਕਰਨੀ ਪਈ। ਦੂਤੀ ਨੇ ਕਿਹਾ, ''ਮੈਂ ਅਕਤੂਬਰ ਤੋਂ ਇਕ ਟੀਮ ਬਣਾ ਕੇ ਅਭਿਆਸ ਕਰ ਰਹੀ ਸੀ, ਜਿਸ ਵਿਚ ਕੋਚ, ਸਹਾਇਕ ਕੋਚ, ਟ੍ਰੇਨਰ, ਰਨਿੰਗ ਪਾਰਟਨਰ ਸਣੇ 10 ਮੈਂਬਰਾਂ ਦੀ ਟੀਮ ਸੀ ਤੇ ਹਰ ਮਹੀਨੇ ਉਸ 'ਤੇ ਸਾਢੇ ਚਾਰ ਲੱਖ ਰੁਪਏ ਖਰਚ ਹੋ ਰਿਹਾ ਸੀ, ਜਿਸ ਵਿਚ ਮੇਰੀ ਖੁਰਾਕ ਵੀ ਸ਼ਾਮਲ ਸੀ। ਹੁਣ ਤਕ 30 ਲੱਖ ਰੁਪਏ ਖਰਚ ਕਰ ਚੁੱਕੀ ਹਾਂ। ਕੋਰੋਨਾ ਵਾਇਰਸ ਕਾਰਨ ਹੁਣ ਤਾਂ ਓਲੰਪਿਕ ਦੀਆਂ ਉਮੀਦਾਂ ਵੀ ਧੁੰਦਲੀਆਂ ਜਾਪ ਰਹੀਆਂ ਹਨ।''