ਮੁਸ਼ਫ਼ਿਕੁਰ ਬਣੇ ICC ਪਲੇਅਰ ਆਫ਼ ਦਿ ਮੰਥ, ਮਹਿਲਾਵਾਂ ’ਚ ਇਸ ਖਿਡਾਰੀ ਨੇ ਜਿੱਤਿਆ ਅਵਾਰਡ
Monday, Jun 14, 2021 - 07:29 PM (IST)
ਦੁਬਈ— ਬੰਗਲਾਦੇਸ਼ ਦੇ ਸਾਬਕਾ ਕਪਤਾਨ ਮੁਸ਼ਫ਼ਿਕੁਰ ਰਹੀਮ ਤੇ ਸਕਾਟਲੈਂਡ ਦੀ ਹਰਫ਼ਨਮੌਲਾ ਕੈਥਰੀਨ ਬ੍ਰਾਈਸ ਨੂੰ ਸੋਮਵਾਰ ਨੂੰ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਮਈ ਮਹੀਨੇ ਲਈ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਿਆ। ਆਈ. ਸੀ. ਸੀ. ਨੇ ਪ੍ਰੈੱਸ ਬਿਆਨ ਜਾਰੀ ਕਰਕੇ ਜੇਤੂਆਂ ਦਾ ਐਲਾਨ ਕੀਤਾ। ਵਿਕਟਕੀਪਰ ਬੱਲੇਬਾਜ਼ ਮੁਸ਼ਫ਼ਿਕੁਰ ਨੇ ਇਸ ਦੌਰਾਨ ਸ਼੍ਰੀਲੰਕਾ ਖ਼ਿਲਾਫ਼ ਇਕ ਟੈਸਟ ਤੇ ਤਿੰਨ ਵਨ-ਡੇ ਖੇਡੇ। ਉਨ੍ਹਾਂ ਨੇ ਦੂਜੇ ਵਨ-ਡੇ ’ਚ 125 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਉਨ੍ਹਾਂ ਦੀ ਟੀਮ ਸ਼੍ਰੀਲੰਕਾ ਖ਼ਿਲਾਫ਼ ਪਹਿਲੀ ਵਾਰ ਵਨ-ਡੇ ਕੌਮਾਂਤਰੀ ਸੀਰੀਜ਼ ਜਿੱਤਣ ’ਚ ਸਫ਼ਲ ਰਹੀ।
ਆਈ. ਸੀ. ਸੀ. ਵੋਟਿੰਗ ਅਕੈਡਮੀ ਦੇ ਮੈਂਬਰ ਵੀ. ਵੀ. ਐੱਸ. ਲਕਸ਼ਮਣ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ 15 ਸਾਲ ਤਕ ਖੇਡਣ ਦੇ ਬਾਅਦ ਮੁਸ਼ਫ਼ਿਕੁਰ ਦੀ ਦੌੜਾਂ ਬਣਾਉਣ ਦੀ ਭੁੱਖ ਘੱਟ ਨਹੀਂ ਹੋਈ ਹੈ। ਉਨ੍ਹਾਂ ਦੀ ਇਸ ਉਪਲਬਧੀ ਦੇ ਮਾਇਨੇ ਹੋਰ ਵਧ ਜਾਂਦੇ ਹਨ ਕਿਉਂਕਿ ਬੰਗਲਾਦੇਸ਼ ਨੇ 1996 ਵਰਲਡ ਕੱਪ ਜੇਤੂ ਟੀਮ ਖ਼ਿਲਾਫ਼ ਪਹਿਲੀ ਵਾਰ ਵਨ-ਡੇ ਸੀਰੀਜ਼ ਜਿੱਤੀ ਹੈ।
ਭਾਰਤ ਦੇ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਮੱਧਕ੍ਰਮ ਨੂੰ ਮਜ਼ਬੂਤ ਕਰਨ ਤੇ ਵਿਕਟਕੀਪਿੰਗ ਕਰਨ ਤੋਂ ਉਨ੍ਹਾਂ ਦੀ ਫ਼ਿੱਟਨੈਸ ਤੇ ਕੌਸ਼ਲ ਦਾ ਪਤਾ ਲਗਦਾ ਹੈ। ਮਹਿਲਾ ਵਰਗ ’ਚ ਕੈਥਰੀਨ ਹਾਲ ਹੀ ’ਚ ਜਾਰੀ ਰੈਂਕਿੰਗ ’ਚ ਚੋਟੀ ਦੇ 10 ’ਚ ਜਗ੍ਹਾ ਬਣਾਉਣ ਵਾਲੀ ਸਕਾਟਲੈਂਡ ਦੀ ਪਹਿਲੀ ਖਿਡਾਰੀ (ਪੁਰਸ਼ ਜਾਂ ਮਹਿਲਾ) ਬਣੀ ਸੀ। ਉਨ੍ਹਾਂ ਨੇ ਆਇਰਲੈਂਡ ਦੇ ਖ਼ਿਲਾਫ਼ ਚਾਰ ਟੀ-20 ਕੌਮਾਂਤਰੀ ਮੈਚਾਂ ’ਚ 96 ਦੌੜਾਂ ਬਣਾਉਣ ਦੇ ਇਲਾਵਾ ਪੰਜ ਵਿਕਟਾਂ ਝਟਕਾਈਆਂ ਤੇ ਇਸ ਦੌਰਾਨ ਉਨ੍ਹਾਂ ਦੀ ਇਕਨਾਮੀ ਰੇਟ 4.76 ਦੌੜ ਪ੍ਰਤੀ ਓਵਰ ਰਹੀ।