ਮਰੇ ਨੇ 200 ਸਥਾਨਾਂ ਦੀ ਛਲਾਂਗ ਲਾਈ, ਜੋਕੋਵਿਚ ਚੋਟੀ 'ਤੇ ਬਰਕਰਾਰ
Tuesday, Oct 08, 2019 - 04:02 PM (IST)

ਸਪੋਰਟਸ ਡੈਸਕ— ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਸੋਮਵਾਰ ਨੂੰ ਜਾਰੀ ਏ. ਟੀ. ਪੀ. ਟੈਨਿਸ ਰੈਂਕਿੰਗ 'ਚ 200 ਸਥਾਨਾਂ ਦੀ ਛਲਾਂਗ ਲਾਈ ਜਦਕਿ ਨੋਵਾਕ ਜੋਕੋਵਿਚ ਨੇ ਚੋਟੀ 'ਤੇ ਰਾਫੇਲ ਨਡਾਲ 'ਤੇ ਆਪਣੀ ਬੜ੍ਹਤ ਬਣਾ ਲਈ। ਚੂਲੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਿਹਾ ਮਰੇ ਚੀਨ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚਿਆ ਪਰ ਉਹ ਜੇਤੂ ਬਣੇ ਡੋਮੋਨਿਕ ਥਿਏਮ ਤੋਂਂ ਹਾਰ ਗਿਆ ਸੀ। ਇਸ ਨਾਲ ਮਰੇ ਦੀ ਰੈਂਕਿੰਗ ਵਿਚ 214 ਸਥਾਨਾਂ ਦਾ ਵਾਧਾ ਹੋਇਆ ਹੈ ਤੇ ਉਹ 503 ਤੇ 289ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਟੋਕੀਓ ਵਿਚ ਮਿਲੀ ਜਿੱਤ ਨਾਲ ਸਰਬੀਆਈ ਖਿਡਾਰੀ ਜੋਕੋਵਿਚ ਆਪਣੇ ਕਰੀਅਰ 'ਚ 271ਵੇਂ ਹਫਤੇ ਨੰਬਰ ਇਕ 'ਤੇ ਬਣਿਆ ਹੋਇਆ ਹੈ ਤੇ ਉਸਦੇ 10365 ਅੰਕ ਹਨ। ਨਡਾਲ 1140 ਅੰਕਾਂ ਨਾਲ ਉਸ ਤੋਂ ਪਿੱਛੇ ਹੈ ਜਿਸ ਨੂੰ ਪਿਛਲੇ ਮਹੀਨੇ ਲਿਵਰ ਕੱਪ ਦੌਰਾਨ ਬਾਂਹ ਦੀ ਸੱਟ ਕਾਰਣ ਟੂਰਨਾਮੈਂਟ ਤੋਂ ਹਟਣਾ ਪਿਆ ਸੀ। ਸਵਿਸ ਸਟਾਰ ਰੋਜਰ ਫੈਡਰਰ 7130 ਅੰਕਾਂ ਨਾਲ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ।