ਮੂਲਡਰ ਨੇ 400 ਦੌੜਾਂ ਬਣਾਉਣ ਦਾ ਮੌਕਾ ਗਵਾ ਦਿੱਤਾ, ਦਬਾਅ ਵਿਚ ਘਬਰਾ ਗਿਆ : ਗੇਲ
Thursday, Jul 10, 2025 - 10:57 AM (IST)

ਨਵੀਂ ਦਿੱਲੀ– ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਨੇ ਦੱਖਣੀ ਅਫਰੀਕਾ ਦੇ ਕਾਰਜਕਾਰੀ ਕਪਤਾਨ ਵਿਆਨ ਮੂਲਡਰ ਦੀ ਬ੍ਰਾਇਨ ਲਾਰਾ ਦੇ ਅਜੇਤੂ 400 ਦੌੜਾਂ ਦੇ ਵਿਸ਼ਵ ਰਿਕਾਰਡ ਟੈਸਟ ਸਕੋਰ ਦੇ ਨੇੜੇ ਪਹੁੰਚਣ ਦੇ ਬਾਵਜੂਦ ਪਾਰੀ ਖਤਮ ਐਲਾਨ ਕਰਨ ਲਈ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਘਬਰਾ ਗਿਆ ਸੀ ਤੇ ਗਲਤੀ ਕਰ ਬੈਠਾ। ਮੂਲਡਰ ਜਦੋਂ 367 ਦੌੜਾਂ ’ਤੇ ਖੇਡ ਰਿਹਾ ਸੀ ਤੇ ਲਾਰਾ ਦੇ ਸਰਵੋਤਮ ਵਿਅਕਤੀਗਤ ਟੈਸਟ ਸਕੋਰ ਦੇ ਰਿਕਾਰਡ ਨੂੰ ਤੋੜਨ ਤੋਂ ਸਿਰਫ 34 ਦੌੜਾਂ ਪਿੱਛੇ ਸੀ ਤਦ ਉਸ ਨੇ ਵੈਸਟਇੰਡੀਜ਼ ਦੇ ਇਸ ਧਾਕੜ ਦੇ ਸਨਮਾਨ ਵਿਚ ਜ਼ਿੰਬਬਾਵੇ ਵਿਰੁੱਧ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 5 ਵਿਕਟਾਂ ’ਤੇ 626 ਦੌੜਾਂ ਬਣਾ ਕੇ ਐਲਾਨ ਕਰਨ ਦਾ ਫੈਸਲਾ ਕੀਤਾ।
ਗੇਲ ਨੇ ਕਿਹਾ, ‘‘ਤੁਸੀਂ 367 ਦੌੜਾਂ ’ਤੇ ਸੀ ਤਾਂ ਤੁਹਾਨੂੰ ਰਿਕਾਰਡ ਬਣਾਉਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਸੀ। ਜੇਕਰ ਤੁਸੀਂ ਧਾਕੜ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਧਾਕੜ ਕਿਵੇਂ ਬਣੋਗੇ? ਧਾਕੜ ਬਣਨ ਦੇ ਨਾਲ ਹੀ ਰਿਕਾਰਡ ਵੀ ਬਣਦੇ ਹਨ।’’
ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਉਸ ਵੱਲੋਂ ਇਕ ਗਲਤੀ ਸੀ। ਉਸ ਨੇ ਦੌੜਾਂ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਨੂੰ ਨਹੀਂ ਪਤਾ ਕਿ ਉਹ ਦੌੜਾਂ ਬਣਾ ਪਾਉਂਦਾ ਜਾਂ ਨਹੀਂ ਪਰ ਉਸ ਨੇ 367 ਦੌੜਾਂ ’ਤੇ ਪਾਰੀ ਖਤਮ ਐਲਾਨ ਕਰ ਦਿੱਤੀ ਤੇ ਉਸ ਨੇ ਉਹ ਹੀ ਕਿਹਾ ਜੋ ਉਸ ਨੇ ਕਹਿਣਾ ਸੀ।’’
ਗੇਲ ਨੇ ਕਿਹਾ, ‘‘ਪਰ ਟੈਸਟ ਵਿਚ 400 ਦੌੜਾਂ ਬਣਾਉਣ ਦਾ ਮੌਕਾ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦਾ ਹੈ। ਨੌਜਵਾਨ, ਤੁਸੀਂ ਬਹੁਤ ਵੱਡਾ ਮੌਕਾ ਗਵਾ ਦਿੱਤਾ।’’
ਪਾਰੀ ਖਤਮ ਐਲਾਨ ਕਰਨ ਦੇ ਫੈਸਲੇ ਤੋਂ ਬਾਅਦ ਮੂਲਡਰ ਨੇ ਕਿਹਾ ਸੀ ਕਿ ਲਾਰਾ ਵਰਗੇ ਕੱਦ ਦਾ ਖਿਡਾਰੀ ਇਸ ਰਿਕਾਰਡ ਨੂੰ ਬਣਾਈ ਰੱਖਣ ਦਾ ਹੱਕਦਾਰ ਹੈ।