T20 WC: ਭਾਰਤ ਨੇ ਨਾਮੀਬੀਆ ਨੂੰ ਦਿੱਤਾ 210 ਦੌੜਾਂ ਦਾ ਟੀਚਾ

Thursday, Feb 12, 2026 - 08:54 PM (IST)

T20 WC: ਭਾਰਤ ਨੇ ਨਾਮੀਬੀਆ ਨੂੰ ਦਿੱਤਾ 210 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਆਈਸੀਸੀ ਟੀ-20 ਵਿਸ਼ਵ ਕੱਪ 2026 ਦੇ 18ਵੇਂ ਮੁਕਾਬਲੇ ਵਿੱਚ ਅੱਜ ਭਾਰਤੀ ਬੱਲੇਬਾਜ਼ਾਂ ਨੇ ਨਾਮੀਬੀਆ ਦੇ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਗਾਈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਅਹਿਮ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾਈਆਂ ਅਤੇ ਨਾਮੀਬੀਆ ਨੂੰ ਜਿੱਤ ਲਈ 210 ਦੌੜਾਂ ਦਾ ਵੱਡਾ ਟੀਚਾ ਦਿੱਤਾ 

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਧਮਾਕੇਦਾਰ ਰਹੀ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰ ਦਿੱਤੀ। ਈਸ਼ਾਨ ਨੇ ਮਹਿਜ਼ 20 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਕੁੱਲ 24 ਗੇਂਦਾਂ ਵਿੱਚ 61 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਜੇਜੇ ਸਮਿਟ ਦੇ ਇੱਕੋ ਓਵਰ ਵਿੱਚ ਲਗਾਤਾਰ ਚਾਰ ਛੱਕੇ ਜੜ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ।

ਮੱਧਕ੍ਰਮ ਵਿੱਚ ਹਾਰਦਿਕ ਪੰਡਯਾ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 28 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਉਨ੍ਹਾਂ ਨੇ ਸ਼ਿਵਮ ਦੁਬੇ (23 ਦੌੜਾਂ) ਨਾਲ ਮਿਲ ਕੇ ਪੰਜਵੀਂ ਵਿਕਟ ਲਈ 81 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ, ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਸੰਜੂ ਸੈਮਸਨ ਨੇ 8 ਗੇਂਦਾਂ ਵਿੱਚ 22 ਦੌੜਾਂ ਦਾ ਤੇਜ਼ ਯੋਗਦਾਨ ਪਾਇਆ। ਤਿਲਕ ਵਰਮਾ ਨੇ 25 ਦੌੜਾਂ ਬਣਾਈਆਂ, ਜਦਕਿ ਕਪਤਾਨ ਸੂਰਿਆਕੁਮਾਰ ਯਾਦਵ 12 ਦੌੜਾਂ ਬਣਾ ਕੇ ਆਊਟ ਹੋ ਗਏ।

ਨਾਮੀਬੀਆ ਵੱਲੋਂ ਕਪਤਾਨ ਗੇਰਹਾਰਡ ਇਰਾਸਮਸ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਅਹਿਮ ਵਿਕਟਾਂ ਝਟਕਾਈਆਂ। ਭਾਰਤ ਦੀਆਂ ਆਖਰੀ ਦੋ ਓਵਰਾਂ ਵਿੱਚ 5 ਵਿਕਟਾਂ ਮਹਿਜ਼ 10 ਦੌੜਾਂ ਦੇ ਅੰਦਰ ਡਿੱਗ ਗਈਆਂ, ਜਿਸ ਕਾਰਨ ਟੀਮ ਹੋਰ ਵੱਡਾ ਸਕੋਰ ਬਣਾਉਣ ਤੋਂ ਖੁੰਝ ਗਈ।

ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ ਹਰਾਇਆ ਸੀ ਅਤੇ ਹੁਣ ਉਸ ਦੀ ਨਜ਼ਰ ਨਾਮੀਬੀਆ ਵਿਰੁੱਧ ਜਿੱਤ ਦਰਜ ਕਰਕੇ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਸਫਲਤਾ ਹਾਸਲ ਕਰਨ 'ਤੇ ਹੈ।


author

Rakesh

Content Editor

Related News