ਧੋਨੀ ਨੂੰ ਹਮੇਸ਼ਾ ਲੱਗਦਾ ਸੀ ਕਿ ਮੈਨੂੰ ਹਿੰਦੀ ਨਹੀਂ ਆਉਂਦੀ : ਮੋਂਟੀ ਪਨੇਸਰ
Thursday, Aug 27, 2020 - 11:25 PM (IST)
ਨਵੀਂ ਦਿੱਲੀ-ਸਟੰਪ ’ਤੇ ਨਜ਼ਰ ਪਾਏ ਬਿਨਾਂ ਆਪਣੇ ਅੰਡਰ ਆਰਮ ਫਲਿੱਪ ਤੋਂ ਇਲਾਵਾ ਵਿਰੋਧੀ ਟੀਮ ਦੇ ਸਾਹਮਣੇ ਤੋਂ ਜਿੱਤ ਖੋਹ ਲੈਣਾ, ਸਟੰਪ ਦੇ ਪਿੱਛਿਓਂ ਨੌਜਵਾਨਾਂ ਨੂੰ ਹੁਕਮ ਦੇਣਾ.. ਮਹਿੰਦਰ ਸਿੰਘ ਧੋਨੀ ਹਮੇਸ਼ਾ ਹੀ ਇਹ ਕਰਦੇ ਨਜ਼ਰ ਆਏ ਹਨ। ਇਸ ਕਾਰਣ ਕਈ ਨੌਜਵਾਨ ਗੇਂਦਬਾਜ਼ ਕਹਿੰਦੇ ਵੀ ਹਨ-‘ਜਦ ਪ੍ਰੇਸ਼ਾਨੀ ਹੁੰਦੀ ਹੈ, ਤਾਂ ਮਾਹੀ ਭਰਾ ਵੱਲ ਦੇਖੋ।’ ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਨੇ ਭਾਰਤ ਵਿਰੁੱਧ ਚਾਰ ਟੈਸਟ ਸੀਰੀਜ਼ ਖੇਡੀਆਂ ਅਤੇ ਧੋਨੀ ਵੀ ਉਨ੍ਹਾਂ ਸਾਰੀਆਂ ਸੀਰੀਜ਼ ਦਾ ਹਿੱਸਾ ਸਨ। ਧੋਨੀ ਨੇ ਇਸ ਮਹੀਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਸੀ।
ਇੰਗਲੈਂਡ ਦੇ ਖਿਡਾਰੀ ਧੋਨੀ ਦੀਆਂ ਰਣਨੀਤੀਆਂ ਤੋਂ ਅਣਜਾਣ ਸਨ ਪਰ ਮੋਂਟੀ ਹਰ ਇਕ ਸ਼ਬਦ ਨੂੰ ਸਮਝ ਸਕਦੇ ਹਨ ਜੋ ਧੋਨੀ ਗੇਂਦਬਾਜ਼ਾਂ ਨੂੰ ਹੁਕਮ ਦੇ ਤੌਰ ’ਤੇ ਹਿੰਦੀ ’ਚ ਕਹਿੰਦੇੇ ਸਨ। ਮੋਂਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਧੋਨੀ ਗੇਂਦਬਾਜ਼ਾਂ ਨੂੰ ਹਿੰਦੀ ’ਚ ਨਿਰਦੇਸ਼ ਦਿੰਦੇ ਸਨ ਤਾਂ ਉਹ ਸ਼ਾਂਤੀ ਨਾਲ ਸੁਣਦੇ ਸਨ ਪਰ ਅਜਿਹਾ ਦਿਖਾਉਂਦੇ ਸਨ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ।
ਮੋਂਟੀ ਪਨੇਸਰ ਨੇ ਕਿਹਾ ਕਿ ਧੋਨੀ ਇਕ ਬੇਹੱਦ ਸ਼ਾਂਤ ਵਿਅਕਤੀ ਹੈ। ਉਹ ਜ਼ਿਆਦਾ ਨਹੀਂ ਬੋਲਦੇ। ਮੈਨੂੰ ਲੱਗਦਾ ਹੈ ਕਿ ਉਹ ਬਿਨਾਂ ਸ਼ਬਦਾਂ ਦੇ ਵੀ ਵਧੀਆ ਤਰੀਕੇ ਨਾਲ ਆਪਣੀ ਗੱਲ ਸਮਝਾ ਸਕਦੇ ਹਨ। ਉਹ ਹਰ ਚੀਜ਼ ਨੂੰ ਚੰਗੇ ਤਰ੍ਹਾਂ ਪੜ੍ਹਦੇ ਹਨ। ਤੁਸੀਂ ਜਾਓ ਅਤੇ ਕੁਝ ਕਹੋ, ਉਹ ਜਵਾਬ ਨਹੀਂ ਦੇਣਗੇ ਪਰ ਤਿਆਰ ਹੋ ਕੇ ਜਦ ਉਹ ਬੱਲੇਬਾਜ਼ੀ ਲਈ ਆਉਣਗੇ ਜਾਂ ਤੁਹਾਡੇ ਲਈ ਇਕ ਫੀਲਡ ਨਿਰਧਾਰਿਤ ਕਰਨਗੇ ਤਾਂ ਵੱਖ ਹੀ ਗੱਲ ਹੁੰਦੀ ਸੀ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਗੇਂਦਬਾਜ਼ਾਂ ਨੂੰ ਉਨ੍ਹਾਂ ਦੇ ਨਿਰਦੇਸ਼ ਅਤੇ ਗੱਲਾਂ ਦੱਸਣਾ ਚੰਗੀ ਤਰ੍ਹਾਂ ਯਾਦ ਹੈ, ਖਾਸ ਤੌਰ ’ਤੇ ਸਪਿਨਰਾਂ ਦੇ ਲਈ ਜਦ ਉਹ ਸਟੰਪਸ ਦੇ ਪਿੱਛਿਓਂ ਕੁਝ ਬੋਲਦੇ ਸਨ। ਜਿਵੇਂ-ਹੁਣ ਵਾਈਡ ਬੋਲ ਪਾਓ। ਥੋੜਾ ਸਟੰਪ ’ਤੇ ਰੱਖੋ। ਇਹ ਡੀਪ ਮਿਡ-ਵਿਕੇਟ ’ਤੇ ਚੌਕਾ ਮਾਰੇਗਾ, ਥੋੜੀ ਵਾਈਡ ਰੱਖਣਾ। ਇੰਗਲੈਂਡ ਦੇ ਇਸ ਸਾਬਕਾ ਸਪਿਨਰ ਨੇ ਕਿਾਹ ਕਿ ਮੈਂ ਹਿੰਦੀ ਅਤੇ ਪੰਜਾਬੀ ਬੋਲ ਸਕਦਾ ਹਾਂ। ਧੋਨੀ ਸੋਚਦੇ ਸਨ ਕਿ ਮੈਨੂੰ ਸਮਝ ਨਹੀਂ ਆਇਆ ਹੈ। ਮੈਂ ਸਾਰਾ ਕੁਝ ਸੁਣਿਆ ਪਰ ਮੈਂ ਵੀ ਧੋਨੀ ਦੀ ਤਰ੍ਹਾਂ ਹੀ ਕੰਮ ਕੀਤਾ ਜਿਵੇਂ ਕਿ ਮੈਂ ਕੁਝ ਵੀ ਨਹੀਂ ਸੁਣਿਆ। ਮੈਂ ਸੁਣਿਆ ਅਤੇ ਅਜਿਹਾ ਦਿਖਾਇਆ ਜਿਵੇਂ ਮੈਂ ਕੁਝ ਸੁਣਿਆ ਹੀ ਨਹੀ ਪਰ ਮੈਂ ਸਾਰਾ ਕੁਝ ਜਾਣਦਾ ਸੀ।