'ਮੰਕੀ ਗੇਟ' ਸਕੈਂਡਲ ਮੇਰੀ ਕਪਤਾਨੀ ਦਾ ਸਭ ਤੋਂ ਖਰਾਬ ਪਲ : ਪੋਂਟਿੰਗ
Thursday, Mar 19, 2020 - 02:46 AM (IST)

ਮੁੰਬਈ— ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 2008 'ਚ ਹੋਏ 'ਮੰਕੀ ਗੇਟ' ਸਕੈਂਡਲ ਨੂੰ ਆਪਣੀ ਕਪਤਾਨੀ ਦਾ ਸਭ ਤੋਂ ਖਰਾਬ ਪਲ ਕਰਾਰ ਦਿੱਤਾ ਹੈ। ਸਾਲ 2008 'ਚ ਭਾਰਤ ਦੇ ਆਸਟਰੇਲੀਆ ਦੌਰੇ ਦੌਰਾਨ ਸਿਡਨੀ ਵਿਚ ਹੋਏ ਦੂਜੇ ਟੈਸਟ ਮੈਚ ਵਿਚ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਅਤੇ ਆਸਟਰੇਲੀਆ ਦੇ ਆਲਰਾਊਂਡਰ ਐਂਡ੍ਰਿਊ ਸਾਈਮੰਡਸ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ ਸੀ ਅਤੇ ਕੁਝ ਅਪਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਗਿਆ ਸੀ। ਇਸ ਮਾਮਲੇ ਕਾਰਣ ਦੋਵਾਂ ਟੀਮਾਂ ਵਿਚਾਲੇ ਟਕਰਾਅ ਇੰਨਾ ਵਧ ਗਿਆ ਸੀ ਕਿ ਭਾਰਤੀ ਟੀਮ ਨੇ ਦੌਰਾ ਵਿਚਾਲੇ ਛੱਡਣ ਦੀ ਗੱਲ ਕਹੀ ਸੀ ਪਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਦਖਲਅੰਦਾਜ਼ੀ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਸੀ।
ਪੋਂਟਿੰਗ ਨੇ ਕਿਹਾ ਕਿ 2005 'ਚ ਏਸ਼ੇਜ਼ ਸੀਰੀਜ਼ ਹਾਰਨਾ ਵੱਡਾ ਝਟਕਾ ਸੀ ਪਰ ਮੈਂ ਉਸ ਸਮੇਂ ਕੰਟਰੋਲ ਵਿਚ ਸੀ ਪਰ ਮੰਕੀ ਗੇਟ ਸਕੈਂਡਲ ਤੋਂ ਬਾਅਦ ਮੈਂ ਕੰਟਰੋਲ ਗੁਆ ਬੈਠਾ ਸੀ। ਇਹ ਮੇਰੀ ਕਪਤਾਨੀ ਦਾ ਸਭ ਤੋਂ ਖਰਾਬ ਪਲ ਸੀ। ਇਹ ਵਿਵਾਦ ਕਾਫੀ ਸਮੇਂ ਤੱਕ ਚੱਲਿਆ ਅਤੇ ਮੈਨੂੰ ਯਾਦ ਹੈ ਕਿ ਐਡੀਲੇਡ ਟੈਸਟ ਦੌਰਾਨ ਮੈਂ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਕਿਉਂਕਿ ਇਸ ਮੈਚ ਤੋਂ ਬਾਅਦ ਮਾਮਲੇ ਦੀ ਸੁਣਵਾਈ ਹੋਣੀ ਸੀ। ਉਸ ਨੇ ਕਿਹਾ ਕਿ ਮੰਕੀ ਗੇਟ ਸਕੈਂਡਲ ਮਾਮਲੇ ਤੋਂ ਬਾਅਦ ਟੀਮ ਵਿਚ ਸਾਰੇ ਲੋਕ ਹਤਾਸ਼ ਹੋ ਗਏ ਸਨ। ਇਸ ਕਾਰਣ ਅਗਲੇ ਮੁਕਾਬਲੇ ਵਿਚ ਇਸ ਦਾ ਟੀਮ ਦੇ ਪ੍ਰਦਰਸ਼ਨ 'ਤੇ ਅਸਰ ਪਿਆ ਸੀ। ਪਰਥ ਟੈਸਟ ਵਿਚ ਅਸੀਂ ਜਿੱਤ ਦੇ ਕੰਢੇ 'ਤੇ ਸੀ ਪਰ ਸਾਨੂੰ ਇਸ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਕੁਝ ਦਿਨਾਂ ਬਾਅਦ ਹਾਲਾਤ ਵਿਗੜਦੇ ਹੀ ਚਲੇ ਗਏ।
ਪੋਂਟਿੰਗ ਦੀ ਕਪਤਾਨੀ 'ਚ ਆਸਟਰੇਲੀਆ ਨੇ 2 ਵਾਰ ਵਿਸ਼ਵ ਕੱਪ ਜਿੱਤਿਆ ਪਰ ਉਸ ਦੀ ਕਪਤਾਨੀ ਵਿਚ ਉਸ ਨੂੰ 2005, 2009 ਅਤੇ 2010-11 ਵਿਚ ਹੋਈ ਏਸ਼ੇਜ਼ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪੋਂਟਿੰਗ ਨੇ ਕਿਹਾ ਕਿ 2005 'ਚ ਸਾਰਿਆਂ ਨੂੰ ਲੱਗਾ ਸੀ ਕਿ ਅਸੀਂ ਇੰਗਲੈਂਡ ਨੂੰ ਹਰਾ ਦਿਆਂਗੇ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ।