ਸੰਨਿਆਸ ਤੋੜ ਕੇ ਮੁੜ ਪਾਕਿ ਲਈ ਖੇਡਣਗੇ ਮੁਹੰਮਦ ਆਮਿਰ, ਰੱਖੀ ਇਹ ਸ਼ਰਤ
Monday, Jan 18, 2021 - 05:47 PM (IST)
ਨਵੀਂ ਦਿੱਲੀ (ਬਿਊਰੋ): ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੀ ਮੌਜੂਦਾ ਵਿਵਸਥਾ 'ਤੇ ਸਵਾਲ ਚੁੱਕਦਿਆਂ ਸੰਨਿਆਸ ਦੀ ਘੋਸ਼ਣਾ ਕਰਨ ਵਾਲੇ ਖੱਬੇ ਹੱਥੇ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਮੁੜ ਤੋਂ ਪਾਕਿਸਤਾਨ ਲਈ ਖੇਡ ਸਕਦੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਕੋਚ ਮਿਸਬਾਹ ਉਲ ਹੱਕ ਦੀ ਅਗਵਾਈ ਵਾਲੇ ਸਪੋਰਟ ਸਟਾਫ ਦੇ ਹਟਣ ਦੇ ਬਾਅਦ ਉਹ ਦੁਬਾਰਾ ਤੋਂ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਨ।
ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ 28 ਸਾਲ ਦੇ ਆਮਿਰ ਨੇ ਨਿਊਜ਼ੀਲੈਂਡ ਦੌਰੇ ਲਈ ਨਾ ਚੁਣੇ ਜਾਣ ਦੇ ਬਾਅਦ ਪਿਛਲੇ ਮਹੀਨੇ ਬੋਰਡ 'ਤੇ ਮਾਨਸਿਕ ਪਰੇਸ਼ਾਨੀ ਦੇਣ ਦਾ ਦੋਸ਼ ਲਗਾਉਂਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।ਉਹਨਾਂ ਨੇ ਇਸ ਮਗਰੋਂ ਮਿਸਬਾਹ ਅਤੇ ਗੇਂਦਬਾਜ਼ੀ ਕੋਚ ਵਕਾਰ ਯੂਨੁਸ 'ਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ। ਆਮਿਰ ਨੇ ਸੋਮਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਮੈਂ ਪਾਕਿਸਤਾਨ ਦੀ ਨੁਮਾਇੰਦਗੀ ਲਈ ਉਦੋਂ ਉਪਲਬਧ ਹੋਵਾਂਗਾ ਜਦੋਂ ਇਹ ਪ੍ਰਬੰਧਨ ਹਟ ਜਾਵੇਗਾ। ਇਸ ਲਈ ਕ੍ਰਿਪਾ ਕਰਕੇ ਆਪਣੀ ਕਹਾਣੀ ਵੇਚਣ ਖਾਤਰ ਫਰਜ਼ੀ ਖ਼ਬਰਾਂ ਫੈਲਾਉਣੀਆਂ ਬੰਦ ਕਰੋ।
I would like to clarify that yes I will be available for Pakistan only once this management leaves. so please stop spreading fake news just to sell your story.
— Mohammad Amir (@iamamirofficial) January 18, 2021
ਆਮਿਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਪਾਕਿਸਤਾਨ ਦੇ ਡ੍ਰੈਸਿੰਗ ਰੂਮ ਦੇ ਮਾਹੌਲ ਵਿਚ ਤਬਦੀਲੀ ਦੀ ਕਾਫੀ ਲੋੜ ਹੈ। ਉਹਨਾਂ ਨੇ ਮੀਡੀਆ ਨੂੰ ਕਿਹਾ ਕਿ ਖਿਡਾਰੀਆਂ ਨੂੰ ਖੁਦ ਦੇ ਲਈ ਸਮਾਂ ਅਤੇ ਆਜ਼ਾਦੀ ਦਿਓ। ਡ੍ਰੈਸਿੰਗ ਰੂਮ ਵਿਚ ਇਸ ਡਰਾਉਣੇ ਮਾਹੌਲ ਨੂੰ ਖਤਮ ਕਰੋ।ਇਹੀ ਖਿਡਾਰੀ ਤੁਹਾਡੇ ਲਈ ਮੈਚ ਜਿੱਤਣਗੇ। ਆਮਿਰ ਨੇ 2019 ਵਿਚ ਸੀਮਤ ਓਵਰਾਂ ਦੇ ਫਾਰਮੈਟ 'ਤੇ ਧਿਆਨ ਦੇਣ ਦੇ ਲਈ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਉਹਨਾਂ ਨੇ 36 ਟੈਸਟਾਂ ਵਿਚ 119 ਵਿਕਟਾਂ ਲਈਆਂ। ਸਪੌਟ ਫਿਕਸਿੰਗ ਦੇ ਦੋਸ਼ ਵਿਚ ਉਹ 2010 ਤੋਂ 2015 ਤੱਕ 5 ਸਾਲ ਦੇ ਲਈ ਪਾਬੰਦੀਸ਼ੁਦਾ ਵੀ ਰਹੇ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।