ਮਿਤਾਲੀ ਚੌਥੇ ਸਥਾਨ ''ਤੇ ਜਦਕਿ ਹਰਮਨਪ੍ਰੀਤ ਨੌਵੇਂ ਸਥਾਨ ''ਤੇ ਖਿਸਕੀਆਂ
Wednesday, Mar 21, 2018 - 05:05 PM (IST)

ਨਵੀਂ ਦਿੱਲੀ, (ਬਿਊਰੋ)— ਭਾਰਤੀ ਵਨਡੇ ਕਪਤਾਨ ਮਿਤਾਲੀ ਰਾਜ ਬੁੱਧਵਾਰ ਨੂੰ ਜਾਰੀ ਤਾਜ਼ਾ ਮਹਿਲਾ ਆਈ.ਸੀ.ਸੀ. ਰੈਂਕਿੰਗ 'ਚ ਬੱਲੇਬਾਜ਼ਾਂ 'ਚ ਚੌਥੇ ਸਥਾਨ 'ਤੇ ਹੈ ਜਦਕਿ ਹਰਮਨਪ੍ਰੀਤ ਕੌਰ ਨੌਵੇਂ ਸਥਾਨ 'ਤੇ ਖਿਸਕ ਗਈ ਹੈ। ਬੱਲੇਬਾਜ਼ਾਂ 'ਚ ਨਿਊਜ਼ੀਲੈਂਡ ਦੀ ਕਪਤਾਨ ਸੂਜੀ ਬੇਟਸ ਨੇ ਵੈਸਟਇੰਡੀਜ਼ ਦੇ ਖਿਲਾਫ 89, ਅਜੇਤੂ 101 ਅਤੇ 44 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਨਾ ਸਿਰਫ 4000 ਵਨਡੇ ਦੌੜਾਂ ਪੂਰੀਆਂ ਕੀਤੀਆਂ ਸਗੋਂ ਰੈਂਕਿੰਗ 'ਚ ਮੇਗ ਲੇਨਿੰਗ ਅਤੇ ਮਿਤਾਲੀ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ 'ਤੇ ਪਹੁੰਚ ਗਈ ਹੈ।
ਆਸਟਰੇਲੀਆ ਦੀ ਐਲਿਸ ਪੈਰੀ ਮਹਿਲਾ ਬੱਲੇਬਾਜ਼ਾਂ 'ਚ ਚੋਟੀ ਦੇ ਸਥਾਨ 'ਤੇ ਹੈ। ਇਸ ਵਿਚਾਲੇ ਭਾਰਤ ਦੀ ਹਰਮਨਪ੍ਰੀਤ ਬੱਲੇਬਾਜ਼ਈ ਰੈਂਕਿੰਗ 'ਚ ਡਿਗ ਕੇ ਨੌਵੇਂ ਸਥਾਨ 'ਤੇ ਚਲੀ ਗਈ ਹੈ। ਆਸਟਰੇਲੀਆ ਦੇ ਖਿਲਾਫ 3-0 ਦੀ ਹਾਰ 'ਚ ਦੋ ਅਰਧ ਸੈਂਕੜੇ ਬਣਾਉਣ ਵਾਲੀ ਸਮ੍ਰਿਤੀ ਮੰਧਾਨਾ ਨੇ 14 ਸਥਾਨਾਂ ਦੀ ਛਲਾਂਗ ਲਗਾਈ ਹੈ ਅਤੇ ਹੁਣ ਉਹ 14ਵੇਂ ਸਥਾਨ 'ਤੇੱ ਪਹੁੰਚ ਗਈ ਹੈ। ਟਾਪ 20 'ਚ ਇਹੋ ਤਿੰਨ ਭਾਰਤੀ ਬੱਲੇਬਾਜ਼ ਹਨ।
ਗੇਂਦਬਾਜ਼ੀ 'ਚ ਲੰਬੇ ਸਮੇਂ ਤੋਂ ਬਾਹਰ ਚਲ ਰਹੀ ਝੂਲਨ ਗੋਸਵਾਮੀ ਚੌਥੇ ਸਥਾਨ 'ਤੇ ਜਦਕਿ ਸ਼ਿਖਾ ਪਾਂਡੇ, ਏਕਤਾ ਬਿਸ਼ਟ ਅਤੇ ਰਾਜੇਸ਼ਵਰੀ ਗਾਇਕਵਾੜ ਕ੍ਰਮਵਾਰ 13ਵੇਂ, 14ਵੇਂ ਅਤੇ 19ਵੇਂ ਸਥਾਨ 'ਤੇ ਹਨ। ਆਸਟਰੇਲੀਆ ਦੀ ਲੈਫਟ ਆਰਮ ਸਪਿਨਰ ਜੈਸ ਜੋਨਾਸਨ ਨੇ ਭਾਰਤ ਦੇ ਖਿਲਾਫ 8 ਵਿਕਟਾਂ ਲੈਣ ਦੀ ਬਦੌਲਤ ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਜੋਨਾਸਨ ਦੀ ਟੀਮ ਸਾਥੀ ਮੇਗਨ ਸ਼ਟ ਨੇ ਮੈਰੀਜੇਨ ਕੈਪ ਅਤੇ ਝੂਲਨ ਗੋਸਵਾਮੀ ਨੂੰ ਪਿੱਛੇ ਛੱਡਿਆ ਹੈ ਅਤੇ ਉਹ ਦੂਜੇ ਸਥਾਨ 'ਤੇ ਪਹੁੰਚ ਗਈ ਹੈ।