ਮਿਤਾਲੀ ਦੀ ਵਨ ਡੇ ਕਪਤਾਨੀ ਬਰਕਰਾਰ, ਇੰਗਲੈਂਡ ਵਿਰੁੱਧ ਸੰਭਾਲੇਗੀ ਮੋਰਚਾ
Sunday, Feb 10, 2019 - 11:02 AM (IST)

ਨਵੀਂ ਦਿੱਲੀ : ਸੀਨੀਅਰ ਮਹਿਲਾ ਚੋਣ ਕਮੇਟੀ ਨੇ ਇੰਗਲੈਂਡ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਲਈ ਸ਼ਨੀਵਾਰ ਨੂੰ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ। ਸੀਰੀਜ਼ ਦੇ 3 ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਜਾਣਗੇ। ਇਹ ਵਨ ਡੇ ਮੈਚ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੈ। ਮੈਚ 22, 25 ਅਤੇ 28 ਫਰਵਰੀ ਨੂੰ ਖੇਡੇ ਜਾਣਗੇ।
ਇਸ ਤੋਂ ਇਲਾਵਾ ਚੋਣਕਾਰਾਂ ਨੇ ਬੋਰਡ ਪ੍ਰਧਾਨ ਇਲੈਵਨ ਦੀ ਟੀਮ ਵੀ ਐਲਾਨ ਕਰ ਦਿੱਤੀ ਹੈ। ਇਹ ਟੀਮ ਸੀਰੀਜ਼ ਤੋਂ ਪਹਿਲਾਂ 18 ਫਰਵਰੀ ਨੂੰ ਮੁੰਬਈ ਵਿਚ ਹੀ ਅਭਿਆਸ ਮੈਚ ਖੇਡੇਗੀ। ਇਸ ਟੀਮ ਦੀ ਕਮਾਨ ਓਪਨਰ ਸਮ੍ਰਿਤੀ ਮੰਧਾਨਾ ਨੂੰ ਸੌਂਪੀ ਗਈ। ਮਿਤਾਲੀ ਦੀ ਅਗਵਾਈ ਵਿਚ ਭਾਰਤ ਨੇ ਹਾਲ ਹੀ 'ਚ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਵਾਨਖੇੜੇ ਸੀਰੀਜ਼ 2-1 ਨਾਲ ਜਿੱਤੀ ਸੀ। ਇਸ ਤੋਂ ਬਾਅਦ ਮਿਤਾਲੀ ਨੂੰ ਮੇਜ਼ਬਾਨ ਨਿਊਜ਼ੀਲੈਂਡ ਖਿਲਾਫ ਪਹਿਲੇ 2 ਟੀ-20 ਮੈਚਾਂ ਤੋਂ ਬਾਹਰ ਰੱਖਿਆ ਗਿਆ, ਜੋ ਭਾਰਤ ਹਾਰ ਗਿਆ।
ਭਾਰਤੀ ਟੀਮ : ਮਿਤਾਲੀ ਰਾਜ (ਕਪਤਾਨ), ਝੂਲਨ ਗੋਸਵਾਮੀ, ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰਿਕਸ, ਦੀਪਤੀ ਸ਼ਰਮਾ, ਤਾਨਯਾ ਭਾਟੀਆ (ਵਿਕਟਕੀਪਰ), ਆਰ ਕਲਪਨਾ, ਮੋਨਾ ਮੇਸ਼ਰਾਮ, ਏਕਤਾ ਬਿਸ਼ਟ, ਰਾਜੇਸ਼ਵਰੀ ਗਾਏਕਵਾਡ, ਪੂਨਮ ਯਾਦਵ, ਸ਼ਿਖਾ ਪਾਂਡੇ, ਮਾਨਸੀ ਜੋਸ਼ੀ, ਪੂਨਮ ਰਾਵਤ।
ਬੋਰਡ ਪ੍ਰਧਾਨ ਟੀਮ : ਸਮ੍ਰਿਤੀ ਮੰਧਾਨਾ (ਕਪਤਾਨ), ਵੇਦਾ ਕ੍ਰਿਸ਼ਣਮੂਰਤੀ, ਦੇਵਿਕਾ ਵੈਧ, ਐੱਸ. ਮੇਘਨਾ, ਭਾਰਤੀ ਫੁਲਮਾਲੀ, ਕੋਮਲ, ਆਰ ਕਲਪਨਾ, ਪ੍ਰਿਯਾ ਪੁਨੀਆ, ਹਰਲੀਨ ਦਿਓਲ, ਰੀਮਾਲਕਸ਼ਮੀ ਏਕਾ, ਮਨਾਲੀ, ਮੀਨੂ ਮਣੀ, ਤਨੁਜਾ ਕੰਵਰ।