IPL Final : ਮੁੰਬਈ ਬਣਿਆ 5ਵੀਂ ਬਾਰ ਚੈਂਪੀਅਨ, ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ

Tuesday, Nov 10, 2020 - 11:13 PM (IST)

ਦੁਬਈ– ਟ੍ਰੇਂਟ ਬੋਲਟ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਰੋਹਿਤ ਸ਼ਰਮਾ ਦੀ ਕਪਤਾਨੀ ਪਾਰੀ ਨਾਲ ਮੁੰਬਈ ਇੰਡੀਅਨਜ਼ ਨੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਦੇ ਹੋਏ ਦਿੱਲੀ ਕੈਪੀਟਲਸ ਨੂੰ ਮੰਗਲਵਾਰ ਨੂੰ ਇੱਥੇ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਖਿਤਾਬ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ Àਤਰੀ ਦਿੱਲੀ ਦੀ ਟੀਮ 7 ਵਿਕਟਾਂ 'ਤੇ 156 ਦੌੜਾਂ ਹੀ ਬਣਾ ਸਕੀ। ਮੁੰਬਈ ਨੇ 18.4 ਓਵਰਾਂ ਵਿਚ 5 ਵਿਕਟਾਂ 'ਤੇ 157 ਦੌੜਾਂ ਬਣਾ ਕੇ ਪਿਛਲੇ 8 ਸਾਲਾਂ ਵਿਚ 5ਵੀਂ ਵਾਰ ਖਿਤਾਬ ਜਿੱਤਿਆ। ਰੋਹਿਤ ਨੇ 50 ਗੇਂਦਾਂ 'ਤੇ 68 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਤੇ 4 ਛੱਕੇ ਸ਼ਾਮਲ ਹਨ। ਇਸ਼ਾਨ ਕਿਸ਼ਨ (ਅਜੇਤੂ 33) ਨੇ ਫਿਰ ਤੋਂ ਆਪਣਾ ਪ੍ਰਭਾਵ ਛੱਡਿਆ।

PunjabKesari
ਮੁੰਬਈ ਪਹਿਲੀ ਵਾਰ 2013 ਵਿਚ ਚੈਂਪੀਅਨ ਬਣੀ ਸੀ। ਇਸ ਤੋਂ ਬਾਅਦ ਉਸ ਨੇ 2015, 2017 ਤੇ 2019 ਵਿਚ ਵੀ ਖਿਤਾਬ ਜਿੱਤਿਆ। ਇਸ ਤਰ੍ਹਾਂ ਨਾਲ ਇਹ ਪਹਿਲਾ ਮੌਕਾ ਹੈ ਜਦਕਿ ਉਹ ਆਪਣੇ ਖਿਤਾਬ ਦਾ ਬਚਾਅ ਕਰਨ ਵਿਚ ਸਫਲ ਰਹੀ। ਇਸ ਤੋਂ ਪਹਿਲਾਂ ਸਿਰਫ ਚੇਨਈ ਸੁਪਰ ਕਿੰਗਜ਼ (2010 ਤੇ 2011) ਅਜਿਹਾ ਕਰਨ ਵਿਚ ਸਫਲ ਰਹੀ ਸੀ। ਮੁੰਬਈ ਦੋ ਵਾਰ ਦੀ ਚੈਂਪੀਅਨਸ ਲੀਗ ਦੀ ਚੈਂਪੀਅਨ ਵੀ ਰਹੀ ਹੈ। ਦਿੱਲੀ ਦੀ ਟੀਮ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਸੀ ਤੇ ਉਸਦਾ ਇਹ ਇਹ ਆਈ. ਪੀ. ਐੱਲ. ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ।

PunjabKesari
ਦਿੱਲੀ ਦਾ ਸਕੋਰ ਇਕ ਸਮੇਂ 3 ਵਿਕਟਾਂ 'ਤੇ 22 ਦੌੜਾਂ ਸੀ ਪਰ ਇਸ ਤੋਂ ਬਾਅਦ ਅਈਅਰ (ਅਜੇਤੂ 65) ਤੇ ਪੰਤ (56) ਨੇ ਚੌਥੀ ਵਿਕਟ ਲਈ 96 ਦੌੜਾਂ ਜੋੜ ਕੇ ਸਿਥੀ ਸੰਭਾਲੀ। ਬੋਲਟ ਨੇ 20 ਦੌੜਾਂ ਦੇ ਕੇ 3 ਤੇ ਨਾਥਨ ਕੂਲਟਰ ਨਾਈਲ ਨੇ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦਿੱਲੀ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ, ਜਿਸ ਦਾ ਉਸ ਨੂੰ ਖਾਮਿਆਜ਼ਾ ਉਪ ਜੇਤੂ ਰਹਿ ਕੇ ਭੁਗਤਣਾ ਪਿਆ।

PunjabKesari
ਮੁੰਬਈ ਨੇ ਇਸ ਸੈਸ਼ਨ ਵਿਚ ਚੌਥੀ ਵਾਰ ਦਿੱਲੀ 'ਤੇ ਆਸਾਨ ਜਿੱਤ ਦਰਜ ਕੀਤੀ। ਉਸ ਨੇ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਵਿਚ ਵੀ ਹਮਲਾਵਰ ਸ਼ੁਰੂਆਤ ਕੀਤੀ। ਰੋਹਿਤ ਨੇ ਆਰ. ਅਸ਼ਵਿਨ ਦਾ ਛੱਕੇ ਨਾਲ ਸਵਾਗਤ ਕੀਤਾ ਤੇ ਕੈਗੀਸੋ ਰਬਾਡਾ ਨੇ ਪਹਿਲੇ ਓਵਰ ਵਿਚ 18 ਦੌੜਾਂ ਦਿੱਤੀਆਂ, ਜਿਸ ਵਿਚ ਕਵਿੰਟਨ ਡੀ ਕੌਕ (20) ਦੇ ਦੋ ਚੌਕੇ ਤੇ 1 ਛੱਕਾ ਸ਼ਾਮਲ ਸੀ। ਰੋਹਿਤ ਨੇ ਐਰਨਿਕ ਨੋਰਤਜੇ 'ਤੇ ਚੌਕਾ ਤੇ ਛੱਕਾ ਲਾਇਆ ਤਾਂ ਅਈਅਰ ਨੇ ਪੰਜਵਾਂ ਓਵਰ ਮਾਰਕਸ ਸਟੋਇੰਸ ਨੂੰ ਸੌਂਪਿਆ, ਜਿਸ ਨੇ ਪਹਿਲੀ ਗੇਂਦ 'ਤੇ ਹੀ ਡੀ ਕੌਕ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਦਿੱਤਾ। ਸੂਰਯਕੁਮਾਰ ਯਾਦਵ ਨੇ ਹਾਲਾਂਕਿ ਆਪਣੀਆਂ ਪਹਿਲੀਆਂ ਦੋ ਗੇਂਦਾਂ 'ਤੇ 10 ਦੌੜਾਂ ਬਣਾ ਕੇ ਦਿੱਲੀ ਨੂੰ ਜਸ਼ਨ ਨਹੀਂ ਮਨਾਉਣ ਦਿੱਤਾ।
ਮੁੰਬਈ ਨੇ ਪਾਵਰਪਲੇਅ ਵਿਚ ਇਕ ਵਿਕਟ 'ਤੇ 61 ਦੌੜਾਂ ਬਣਾਈਆਂ। ਜਦੋਂ ਅਕਸ਼ਰ ਪਟੇਲ (4 ਓਵਰਾਂ ਵਿਚ 16 ਦੌੜਾਂ) ਬੱਲੇਬਾਜ਼ਾਂ 'ਤੇ ਰੋਕ ਲਾ ਰਿਹਾ ਸੀ ਤਦ ਰੋਹਿਤ ਨੇ ਲੈੱਗ ਸਪਿਨਰ ਪ੍ਰਵੀਨ ਦੂਬੇ 'ਤੇ ਲਾਂਗ ਆਫ ਤੇ ਲਾਂਗ ਆਨ 'ਤੇ ਛੱਕੇ ਲਾ ਕੇ ਚੁੱਪੀ ਤੋੜੀ ਪਰ ਸੂਰਯਕੁਮਾਰ (19) ਨੇ ਆਪਣੇ ਕਪਤਾਨ ਦੀ ਵਿਕਟ ਬਚਾਈ ਰੱਖਣ ਲਈ ਖੁਦ ਨੂੰ ਰਨ ਆਊਟ ਕਰਵਾਇਆ। ਰੋਹਿਤ ਨੇ ਇਸ ਤੋਂ ਬਾਅਦ ਰਬਾਡਾ 'ਤੇ ਚੌਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

PunjabKesari
ਨਵੇਂ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਸਟੋਇੰਸ 'ਤੇ ਛੱਕਾ ਲਾ ਕੇ ਸ਼ਾਨਦਾਰ ਸ਼ਾਟ ਲਾਉਣ ਦੀ ਆਪਣੀ ਕਲਾ ਦਾ ਚੰਗਾ ਨਮੂਨਾ ਪੇਸ਼ ਕੀਤਾ। ਰੋਹਿਤ ਦੀ ਪਾਰੀ ਦਾ ਅੰਤ ਸਬਸਟਿਚਊਟ ਲਲਿਤ ਯਾਦਵ ਨੇ ਬਿਹਤਰੀਨ ਕੈਚ ਕਰਕੇ ਕੀਤਾ ਪਰ ਤਦ ਮੁੰਬਈ ਨੂੰ 22 ਗੇਂਦਾਂ 'ਤੇ ਸਿਰਫ 20 ਦੌੜਾਂ ਦੀ ਲੋੜ ਸੀ। ਕਿਰੋਨ ਪੋਲਾਰਡ (9) ਤੇ ਹਾਰਦਿਕ ਪੰਡਯਾ (3) ਦੇ ਆਊਟ ਹੋਣ ਨਾਲ ਪਰ ਇਸ 'ਤੇ ਕੋਈ ਅਸਰ ਨਹੀਂ ਪਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਦਿੱਲੀ ਦਾ ਸਕੋਰ ਇਕ ਸਮੇਂ 3 ਵਿਕਟਾਂ 'ਤੇ 22 ਦੌੜਾਂ ਸੀ ਪਰ ਇਸ ਤੋਂ ਬਾਅਦ ਅਈਅਰ (50 ਗੇਂਦਾਂ 'ਤੇ ਅਜੇਤੂ 65 ਦੌੜਾਂ) ਤੇ ਪੰਤ (38 ਗੇਂਦਾਂ 'ਤੇ 56 ਦੌੜਾਂ) ਨੇ ਚੌਥੀ ਵਿਕਟ ਲਈ 96 ਦੌੜਾਂ ਜੋੜ ਕੇ ਸਥਿਤੀ ਸੰਭਾਲ ਲਈ। ਬੋਲਟ ਨੇ 30 ਦੌੜਾਂ ਦੇ ਕੇ 3 ਤੇ ਨਾਥਨ ਕੂਲਟਰ ਨਾਇਲ ਨੇ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਦਿੱਲੀ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ। ਪਿੱਚ ਤੋਂ ਉਛਾਲ ਮਿਲ ਰਹੀ ਸੀ ਤੇ ਦਿੱਲੀ ਦੇ ਬੱਲੇਬਾਜ਼ ਸ਼ੁਰੂ ਵਿਚ ਉਸ ਨਾਲ ਤਾਲਮੇਲ ਨਹੀਂ ਬਿਠਾ ਸਕੇ। ਦਿੱਲੀ ਨੇ ਪਹਿਲੇ 4 ਓਵਰਾਂ ਵਿਚ ਹੀ ਮਾਰਕਸ ਸਟੋਇੰਸ, ਅਜਿੰਕਯ ਰਹਾਨੇ ਤੇ ਸ਼ਿਖਰ ਧਵਨ ਦੀਆਂ ਵਿਕਟਾਂ ਗੁਆ ਦਿੱਤੀਆਂ। ਬੋਲਟ ਪਿਛਲੇ ਮੈਚ ਵਿਚ ਜ਼ਖ਼ਮੀ ਹੋ ਗਿਆ ਸੀ ਪਰ ਇਸ ਮੈਚ ਵਿਚ ਉਸ ਨੇ ਪੂਰੀ ਤਰ੍ਹਾਂ ਨਾਲ ਫਿੱਟ ਹੋ ਕੇ ਨਵੀਂ ਗੇਂਦ ਸੰਭਾਲੀ ਤੇ ਪਹਿਲੀ ਗੇਂਦ 'ਤੇ ਹੀ ਸਟੋਇੰਸ ਨੂੰ ਵਿਕਟਕੀਪਰ ਕਵਿੰਟਨ ਡੀ ਕੌਕ ਹੱਥੋਂ ਕੈਚ ਕਰਵਾ ਕੇ ਦਿੱਲੀ ਦੇ ਦਾਅ ਦਾ ਦਮ ਕੱਢ ਦਿੱਤਾ। ਇਸ ਤੋਂ ਬਾਅਦ ਨਵਾਂ ਬੱਲੇਬਾਜ਼ ਰਹਾਨੇ (2) ਨੂੰ ਵੀ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ ਜਦਕਿ ਰਾਹੁਲ ਚਾਹਰ ਦੀ ਜਗ੍ਹਾ ਟੀਮ ਵਿਚ ਲਏ ਗਏ ਜਯੰਤ ਯਾਦਵ (25 ਦੌੜਾਂ 'ਤੇ 1 ਵਿਕਟ ) ਨੇ ਧਵਨ (15) ਨੂੰ ਬੋਲਡ ਕਰਕੇ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ।

PunjabKesari
ਅਈਅਰ ਤੇ ਪੰਤ ਨੇ ਪਾਰੀ ਸੰਵਾਰਨ ਦੀ ਜ਼ਿੰਮੇਵਾਰੀ ਚੁੱਕੀ। ਇਸ ਵਿਚਾਲੇ ਅਈਅਰ ਜਦੋਂ 14 ਦੌੜਾਂ 'ਤੇ ਸੀ ਤਦ ਇਸ਼ਾਨ ਕਿਸ਼ਨ ਨੇ ਕਵਰ 'ਤੇ ਉਸਦਾ ਮੁਸ਼ਕਿਲ ਕੈਚ ਛੱਡਿਆ। ਪੂਰੇ ਆਈ. ਪੀ. ਐੱਲ. ਵਿਚ ਦੌੜਾਂ ਬਣਾਉਣ ਲਈ ਜੂਝਣ ਵਾਲੇ ਪੰਤ ਨੇ ਸ਼ੁਰੂ ਵਿਚ ਟਿਕ ਕੇ ਖੇਡਣ ਨੂੰ ਪਹਿਲ ਦਿੱਤੀ ਤੇ ਸਟ੍ਰਾਈਕ ਰੋਟੇਟ ਕਰਨ 'ਤੇ ਧਿਆਨ ਦਿੱਤਾ।

PunjabKesari
10ਵੇਂ ਓਵਰ ਵਿਚ ਜਦੋਂ ਕਰੁਣਾਲ ਪੰਡਯਾ ਗੇਂਦਬਾਜ਼ੀ ਲਈ ਆਇਆ ਤਾਂ ਪੰਤ ਨੇ ਦੋ ਸ਼ਾਨਦਾਰ ਛੱਕਿਆਂ ਨਾਲ ਉਸਦਾ ਸਵਾਗਤ ਕੀਤਾ। ਇਸ ਦੇ ਕਾਰਣ ਰੋਹਿਤ ਸ਼ਰਮਾ ਨੂੰ ਬੁਮਰਾਹ ਨੂੰ ਗੇਂਦ ਸੌਂਪਣੀ ਪਈ ਸੀ। ਰੋਹਿਤ ਨੇ ਗੇਂਦਬਾਜ਼ੀ ਵਿਚ ਲਗਾਤਾਰ ਬਦਲਾਅ ਕੀਤੇ ਪਰ ਇਨ੍ਹਾਂ ਦੋਵਾਂ ਦੀ ਇਕਗਾਰਤ ਭੰਗ ਕਰਨਾ ਮੁਸ਼ਕਿਲ ਸੀ। ਅਈਅਰ ਨੇ ਪੋਲਾਰਡ 'ਤੇ ਆਪਣੀ ਪਾਰੀ ਦਾ ਪਹਿਲਾ ਛੱਕਾ ਲਾਇਆ। ਪੰਤ ਨੇ ਕੂਲਟਰ ਨਾਈਲ 'ਤੇ ਫਾਈਨ ਲੈੱਗ 'ਤੇ ਚੌਕਾ ਲਾ ਕੇ ਇਸ ਸੈਸ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਇਸ ਓਵਰ ਵਿਚ ਉਸ ਨੇ ਹਾਲਾਂਕਿ ਆਸਾਨ ਕੈਚ ਦੇ ਕੇ ਆਪਣੀ ਵਿਕਟ ਗੁਆ ਦਿੱਤੀ ਪਰ ਅਈਅਰ ਟਿਕਿਆ ਰਿਹਾ। ਉਸ ਨੇ 40 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕੀਤਾ ਪਰ ਬੋਲਟ ਨੇ ਦੂਜੇ ਸਪੈੱਲ ਵਿਚ ਆ ਕੇ ਸ਼ਿਮਰੋਨ ਹੈੱਟਮਾਇਰ (5) ਨੂੰ ਟਿਕਣ ਨਹੀਂ ਦਿੱਤਾ, ਜਿਸ ਨਾਲ ਦਿੱਲੀ ਨੂੰ ਡੈੱਥ ਓਵਰਾਂ ਦੀ ਰਣਨੀਤੀ ਕਾਮਯਾਬ ਨਹੀਂ ਹੋਈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦਾ ਬੱਲੇਬਾਜ਼ ਬਲੰਡੇਲ ਫੀਲਡਿੰਗ 'ਚ ਅੜਿੱਕਾ ਪਾਉਣ 'ਤੇ ਆਊਟ

PunjabKesari

ਟੀਮਾਂ ਇਸ ਤਰ੍ਹਾਂ ਹਨ-
ਮੁੰਬਈ ਇੰਡੀਅਨਜ਼
- ਰੋਹਿਤ ਸ਼ਰਮਾ (ਕਪਤਾਨ), ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ ,ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ (ਵਿਕਟਕੀਪਰ), ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।

ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।


Gurdeep Singh

Content Editor

Related News