ਬੇਟੇ ਦੇ ਭਵਿੱਖ 'ਤੇ ਚਰਚਾ ਲਈ ਬਾਰਸੀਲੋਨਾ ਪਹੁੰਚੇ ਮੇਸੀ ਦੇ ਪਿਤਾ
Wednesday, Sep 02, 2020 - 10:29 PM (IST)
ਬਾਰਸੀਲੋਨਾ- ਦਿੱਗਜ ਫੁੱਟਬਾਲਰ ਲਿਓਨਲ ਮੇਸੀ ਦੇ ਪਿਤਾ ਬੁੱਧਵਾਰ ਨੂੰ ਸਵੇਰੇ ਸਪੇਨ ਪਹੁੰਚੇ ਤੇ ਉਨ੍ਹਾਂ ਦੇ ਨਾਲ ਬਾਰਸੀਲੋਨਾ ਕਲੱਬ ਦੇ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਬੇਟੇ ਦੇ ਭਵਿੱਖ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਜਾਰਜ ਮੇਸੀ ਲਿਓਨਲ ਮੇਸੀ ਦੇ ਏਜੰਟ ਵੀ ਹਨ। ਉਹ ਅਰਜਨਟੀਨਾ ਤੋਂ ਬਾਰਸੀਲੋਨਾ ਪਹੁੰਚੇ। ਉਨ੍ਹਾਂ ਦੇ ਕਲੱਬ ਪ੍ਰਧਾਨ ਜੋਸੇਪ ਬਾਰਟੋਮਯੂ ਤੇ ਟੀਮ ਦੇ ਹੋਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਬੈਠਕ ਕਦੋਂ ਹੋਵੇਗੀ। ਹਵਾਈ ਅੱਡੇ 'ਤੇ ਸਵਾਲਾਂ ਦੇ ਜਵਾਬ 'ਚ ਜਾਰਜ ਮੇਸੀ ਨੇ ਕਿਹਾ ਮੈਨੂੰ ਕੁਝ ਨਹੀਂ ਪਤਾ।
ਲਿਓਨਲ ਮੇਸੀ ਨੇ ਪਿਛਲੇ ਹਫਤੇ ਬਾਰਸੀਲੋਨਾ ਨੂੰ ਕਿਹਾ ਸੀ ਕਿ ਉਹ ਕਲੱਬ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਇਕਰਾਰਨਾਮੇ ਦੇ ਉਸ ਨਿਯਮ ਦਾ ਸਹਾਰਾ ਲਿਆ ਸੀ ਜਿਸ ਦੇ ਅਨੁਸਾਰ ਉਹ ਸੈਸ਼ਨ ਦੇ ਅੰਤ 'ਚ ਬਿਨਾਂ ਕੋਈ ਰਾਸ਼ੀ ਦਿੱਤੇ ਕਲੱਬ ਤੋਂ ਜਾ ਸਕਦੇ ਹਨ ਪਰ ਬਾਰਸੀਲੋਨਾ ਨੇ ਦਾਅਵਾ ਕੀਤਾ ਹੈ ਕਿ ਇਸ ਨਿਯਮ ਦੀ ਸੀਮਾ ਜੂਨ 'ਚ ਖਤਮ ਹੋ ਗਈ ਹੈ ਤੇ ਉਨ੍ਹਾਂ ਨੂੰ ਜੂਨ 2021 ਤੱਕ ਆਪਣੇ ਮੌਜੂਦਾ ਇਕਰਾਰਨਾਮੇ ਨੂੰ ਪੂਰਾ ਕਰਨਾ ਹੋਵੇਗਾ ਜਾਂ ਫਿਰ ਕਲੱਬ ਛੱਡਣ ਤੋਂ ਪਹਿਲਾਂ 70 ਕਰੋੜ ਯੂਰੋ (83 ਕਰੋੜ 70 ਲੱਖ ਡਾਲਰ) ਦਾ ਭੁਗਤਾਨ ਕਰਨਾ ਹੋਵੇਗਾ। ਬਾਰਸੀਲੋਨਾ ਕਹਿ ਰਿਹਾ ਹੈ ਕਿ ਉਹ ਮੇਸੀ ਨੂੰ ਕਲੱਬ ਛੱਡਣ ਵਿਚ ਸਹਾਇਤਾ ਨਹੀਂ ਕਰੇਗਾ ਤੇ ਸਿਰਫ ਇਕਰਾਰਨਾਮੇ ਨੂੰ ਵਧਾਉਣ 'ਤੇ ਗੱਲਬਾਤ ਕਰੇਗਾ। ਕਲੱਬ ਨੇ ਅਰਜਨਟੀਨਾ ਦੇ ਇਸ ਸਟਾਰ ਫੁੱਟਬਾਲਰ ਨੂੰ ਦੋ ਸਾਲ ਦਾ ਇਕਰਾਰਨਾਮਾ ਵਧਾਉਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਨਾਲ ਉਹ 2022-23 ਸੈਸ਼ਨ ਤੱਕ ਟੀਮ ਨਾਲ ਜੁੜੇ ਰਹਿਣਗੇ।