ਮੇਸੀ ਦੇ ਦੋ ਗੋਲ, PSG ਸਮੇਤ ਚਾਰ ਟੀਮਾਂ ਚੈਂਪੀਅਨਜ਼ ਲੀਗ ਵਿੱਚ ਅੱਗੇ ਵਧੀਆਂ
Wednesday, Oct 26, 2022 - 09:53 PM (IST)
ਪੈਰਿਸ (ਭਾਸ਼ਾ)- ਸਟਾਰ ਖਿਡਾਰੀ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀਐਸਜੀ) ਨੇ ਮੰਗਲਵਾਰ ਨੂੰ ਇੱਥੇ ਮੈਕਾਬੀ ਹੇਈਫਾ ਨੂੰ 7-2 ਨਾਲ ਹਰਾਇਆ ਤੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਵਿੱਚ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਚਾਰ ਟੀਮਾਂ 'ਚ ਸ਼ਾਮਲ ਰਿਹਾ। ਮੇਸੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ 19ਵੇਂ ਅਤੇ 44ਵੇਂ ਮਿੰਟ 'ਚ ਗੋਲ ਕੀਤੇ। ਕਾਇਲਨ ਐਮਬਾਪੇ (32ਵੇਂ ਅਤੇ 64ਵੇਂ ਮਿੰਟ) ਨੇ ਵੀ ਦੋ ਗੋਲ ਕੀਤੇ ਜਦਕਿ ਨੇਮਾਰ (35ਵੇਂ ਮਿੰਟ) ਅਤੇ ਕਾਰਲੋਸ ਸੋਲਰ (84ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।
ਪੀ. ਐਸ. ਜੀ. ਲਈ ਸੀਨ ਗੋਲਡਬਰਗ ਨੇ ਵੀ 67ਵੇਂ ਮਿੰਟ ਵਿੱਚ ਆਤਮਘਾਤੀ ਗੋਲ ਵੀ ਕੀਤਾ। ਅਬਦੁਲਈ ਸੇਕ ਨੇ 38ਵੇਂ ਅਤੇ 50ਵੇਂ ਮਿੰਟ ਵਿੱਚ ਮੈਕਾਬੀ ਹੈਫਾ ਲਈ ਦੋਵੇਂ ਗੋਲ ਕੀਤੇ। ਇਸ ਜਿੱਤ ਨਾਲ ਪੀ. ਐਸ. ਜੀ. ਅਤੇ ਬੇਨਫੀਕਾ ਦਾ ਗਰੁੱਪ ਐਚ. ਵਿੱਚ ਚੋਟੀ ਦੇ ਦੋ ਵਿੱਚ ਬਣੇ ਰਹਿਣਾ ਤੈਅ ਹੈ। ਫਾਈਨਲ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ 11 ਅੰਕ ਹੋ ਗਏ ਹਨ। ਪੀ. ਐਸ. ਜੀ. ਅਤੇ ਬੇਨਫੀਕਾ ਤੋਂ ਇਲਾਵਾ ਚੇਲਸੀ ਅਤੇ ਬੋਰੂਸੀਆ ਡਾਰਟਮੰਡ ਵੀ ਆਖਰੀ 16 ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ।ਬੇਨਫੀਕਾ ਨੇ ਜੁਵੇਂਟਸ ਨੂੰ 4-3 ਨਾਲ ਹਰਾਇਆ। ਜੁਵੇਂਟਸ 2013-14 ਸੀਜ਼ਨ ਤੋਂ ਬਾਅਦ ਪਹਿਲੀ ਵਾਰ ਨਾਕਆਊਟ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ।
ਗਰੁੱਪ ਸੀ. ਤੋਂ ਮੈਨਚੈਸਟਰ ਸਿਟੀ ਤੋਂ ਇਲਾਵਾ ਡਾਰਟਮੰਡ ਦੀ ਟੀਮ ਵੀ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੀ ਹੈ। ਦੋਵਾਂ ਟੀਮਾਂ ਦਰਮਿਆਨ ਮੰਗਲਵਾਰ ਦਾ ਮੈਚ ਗੋਲ ਰਹਿਤ ਰਿਹਾ। ਚੇਲਸੀ ਨੇ ਸਾਲਜ਼ਬਰਗ ਨੂੰ 2-1 ਨਾਲ ਹਰਾ ਕੇ ਗਰੁੱਪ ਈ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਡਿਫੈਂਡਿੰਗ ਚੈਂਪੀਅਨ ਰੀਅਲ ਮੈਡਰਿਡ, ਜੋ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਸੀ, ਗਰੁੱਪ ਐੱਫ ਵਿੱਚ ਲੀਪਜ਼ਿਗ ਤੋਂ 2-3 ਨਾਲ ਹਾਰ ਗਈ। ਲੀਪਜ਼ਿਗ ਕੋਲ ਕੁਆਲੀਫਾਈ ਕਰਨ ਦਾ ਚੰਗਾ ਮੌਕਾ ਹੈ ਕਿਉਂਕਿ ਉਹ ਤਿੰਨ ਅੰਕਾਂ ਦੀ ਬੜ੍ਹਤ ਰੱਖਦਾ ਹੈ। ਸ਼ਖਤਾਰ ਡੋਨੇਸਕ ਨੇ ਸੇਲਟਿਕ ਨਾਲ 1-1 ਨਾਲ ਡਰਾਅ ਖੇਡਿਆ।