‘ਖੇਲ ਰਤਨ’ ਲਈ ਪੁਰਸ਼ ਹਾਕੀ ਟੀਮ ਦੇ ਸਟਾਰ ਹਾਰਦਿਕ ਸਿੰਘ ਦੇ ਨਾਂ ਦੀ ਸਿਫਾਰਸ਼
Thursday, Dec 25, 2025 - 12:45 PM (IST)
ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਉੱਪ-ਕਪਤਾਨ ਹਾਰਦਿਕ ਸਿੰਘ ਦੇ ਨਾਂ ਦੀ ਇਸ ਸਾਲ ਮੇਜਰ ਧਿਆਨਚੰਦ ‘ਖੇਲ ਰਤਨ’ ਐਵਾਰਡ ਲਈ ਸਿਫ਼ਾਰਿਸ਼ ਕੀਤੀ ਗਈ ਹੈ, ਜਦਕਿ ਨੌਜਵਾਨ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁੱਖ ਅਤੇ ਡੈਕਾਥਲੀਟ ਤੇਜਸਵਿਨ ਸ਼ੰਕਰ ਸਮੇਤ 24 ਖਿਡਾਰੀਆਂ ਦੇ ਨਾਂ ਅਰਜੁਨ ਐਵਾਰਡ ਲਈ ਭੇਜੇ ਗਏ ਹਨ। ਚੋਣ ਕਮੇਟੀ ਦੀ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ। ਮਿਡਫੀਲਡਰ ਹਾਰਦਿਕ ਟੋਕੀਓ ਓਲੰਪਿਕ 2021 ਅਤੇ ਪੈਰਿਸ ਓਲੰਪਿਕ 2024 ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਸਨ। ਇਸ ਸਾਲ ਏਸ਼ੀਆ ਕੱਪ ’ਚ ਸੋਨ ਦਾ ਤਮਗਾ ਜਿੱਤਣ ਵਾਲੀ ਟੀਮ ’ਚ ਵੀ ਉਹ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਖੇਡ ਮੰਤਰਾਲੇ ਤੋਂ ਰਸਮੀ ਮਾਣਤਾ ਮਿਲਣ ਤੋਂ 5 ਸਾਲ ਬਾਅਦ ਪਹਿਲੀ ਵਾਰ ਯੋਗਾਸਨ ਖਿਡਾਰਨ ਆਰਤੀ ਪਾਲ ਦਾ ਨਾਂ ਵੀ ਅਰਜੁਨ ਐਵਾਰਡ ਲਈ ਦਿੱਤਾ ਗਿਆ ਹੈ। ਆਰਤੀ ਰਾਸ਼ਟਰੀ ਅਤੇ ਏਸ਼ੀਆਈ ਚੈਂਪੀਅਨ ਹੈ। ਏਸ਼ੀਆਈ ਖੇਡਾਂ 2026 ਵਿਚ ਯੋਗਾਸਨ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਜਾਵੇਗਾ।
ਚੋਣ ਕਮੇਟੀ ਨੇ ਬੁੱਧਵਾਰ ਨੂੰ ਹੋਈ ਮੀਟਿੰਗ ’ਚ ਅਰਜੁਨ ਐਵਾਰਡ ਲਈ ਹੋਰ 21 ਨਾਂ ਤੈਅ ਕੀਤੇ ਹਨ। ਚੋਣ ਕਮੇਟੀ ’ਚ ਭਾਰਤੀ ਓਲੰਪਿਕ ਸੰਘ ਦੇ ਉੱਪ-ਪ੍ਰਧਾਨ ਗਗਨ ਨਾਰੰਗ, ਸਾਬਕਾ ਬੈਡਮਿੰਟਨ ਖਿਡਾਰਨ ਅਪਰਨਾਂ ਪੋਪਟ ਅਤੇ ਸਾਬਕਾ ਹਾਕੀ ਖਿਡਾਰੀ ਐੱਮ. ਐੱਮ. ਸੋਮਾਇਆ ਸ਼ਾਮਲ ਹਨ।
19 ਸਾਲ ਦੀ ਦੇਸ਼ਮੁਖ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ। ਸ਼ਤਰੰਜ ਖਿਡਾਰੀ ਵਿਦਿਤ ਗੁਜਰਾਤੀ ਅਤੇ ਤੇਜਸਵਿਨ ਸ਼ੰਕਰ ਦੇ ਨਾਂ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ, ਜਿਸ ਨੇ ਏਸ਼ੀਆਈ ਖੇਡਾਂ 2023 ’ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸ ਸਾਲ ਏਸ਼ੀਆਈ ਚੈਂਪੀਅਨਸ਼ਿਪ ’ਚ ਵੀ ਦੂਜਾ ਸਥਾਨ ਹਾਸਲ ਕੀਤਾ।
2 ਵਾਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਰਾਈਫ਼ਲ ਨਿਸ਼ਾਨੇਬਾਜ਼ ਮੇਹੁਲੀ ਘੋਸ਼, ਜਿਮਨਾਸਟ ਪ੍ਰਣਤੀ ਨਾਇਕ ਅਤੇ ਭਾਰਤ ਦੀ ਨੰਬਰ ਇਕ ਮਹਿਲਾ ਬੈਡਮਿੰਟਨ ਜੋੜੀ ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੇ ਨਾਵਾਂ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਸੂਚੀ ’ਚ ਕੋਈ ਕ੍ਰਿਕਟਰ ਸ਼ਾਮਿਲ ਨਹੀਂ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਇਹ ਐਵਾਰਡ ਹਾਸਲ ਕਰਨ ਵਾਲਾ ਆਖ਼ਰੀ ਕ੍ਰਿਕਟਰ ਸੀ, ਜਿਸ ਨੂੰ 2023 ਵਿਚ ਸਨਮਾਨ ਮਿਲਿਆ ਸੀ।
ਦੇਸ਼ ਦੇ ਸਰਵਉੱਚ ਖੇਡ ਸਨਮਾਨ ‘ਖੇਲ ਰਤਨ’ ਨਾਲ ਪ੍ਰਸ਼ੰਸਾ ਪੱਤਰ, ਤਮਗਾ ਅਤੇ 25 ਲੱਖ ਰੁਪਏ ਮਿਲਦੇ ਹਨ, ਜਦਕਿ ਅਰਜੁਨ ਐਵਾਰਡ ਨਾਲ 15 ਲੱਖ ਰੁਪਏ ਦਿੱਤੇ ਜਾਂਦੇ ਹਨ। ਪਿਛਲੇ ਸਾਲ 4 ਖਿਡਾਰੀਆਂ-ਵਿਸ਼ਵ ਚੈਂਪੀਅਨ ਸ਼ਤਰੰਜ ਖਿਡਾਰੀ ਡੀ. ਗੁਕੇਸ਼, ਪੁਰਸ਼ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ, ਪੈਰਾ-ਐਥਲੀਟ ਪ੍ਰਵੀਣ ਕੁਮਾਰ ਅਤੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ‘ਖੇਲ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ।
**ਰਾਸ਼ਟਰੀ ਖੇਡ ਐਵਾਰਡਾਂ ਲਈ ਸਿਫ਼ਾਰਿਸ਼ਾਂ:**
– ਮੇਜਰ ਧਿਆਨਚੰਦ ਖੇਲ ਰਤਨ: ਹਾਰਦਿਕ ਸਿੰਘ (ਹਾਕੀ)
- ਅਰਜੁਨ ਐਵਾਰਡ : ਤੇਜਸਵਿਨ ਸ਼ੰਕਰ (ਐਥਲੈਟਿਕਸ), ਪ੍ਰਿਯੰਕਾ (ਐਥਲੈਟਿਕਸ), ਨਰੇਂਦਰ (ਮੁੱਕੇਬਾਜ਼ੀ), ਵਿਦਿਤ ਗੁਜਰਾਤੀ (ਸ਼ਤਰੰਜ), ਦਿਵਿਆ ਦੇਸ਼ਮੁੱਖ (ਸ਼ਤਰੰਜ), ਧਨੁਸ਼ ਸ਼੍ਰੀਕਾਂਤ (ਡੀਫ ਨਿਸ਼ਾਨੇਬਾਜ਼ੀ), ਪ੍ਰਣਤੀ ਨਾਇਕ (ਜਿਮਨਾਸਟਿਕ), ਰਾਜਕੁਮਾਰ ਪਾਲ (ਹਾਕੀ), ਸੁਰਜੀਤ (ਕਬੱਡੀ), ਨਿਰਮਲਾ ਭਾਟੀ (ਖੋ-ਖੋ), ਰੁਦਰਾਂਕਸ਼ ਖੰਡੇਲਵਾਲ (ਪੈਰਾ-ਨਿਸ਼ਾਨੇਬਾਜ਼ੀ), ਏਕਤਾ ਭਿਆਨ (ਪੈਰਾ-ਐਥਲੈਟਿਕਸ), ਪਦਮਨਾਭ ਸਿੰਘ (ਪੋਲੋ), ਅਰਵਿੰਦ ਸਿੰਘ (ਕਿਸ਼ਤੀ), ਅਖਿਲ ਸ਼ਿਓਰਾਣ (ਨਿਸ਼ਾਨੇਬਾਜ਼ੀ), ਮੇਹੁਲੀ ਘੋਸ਼ (ਨਿਸ਼ਾਨੇਬਾਜ਼ੀ), ਸੁਤੀਰਥਾ ਮੁਖਰਜੀ (ਟੇਬਲ ਟੈਨਿਸ), ਸੋਨਮ ਮਲਿਕ (ਕੁਸ਼ਤੀ), ਆਰਤੀ (ਯੋਗ), ਤ੍ਰਿਸਾ ਜੌਲੀ (ਬੈਡਮਿੰਟਨ), ਗਾਇਤਰੀ ਗੋਪੀਚੰਦ (ਬੈਡਮਿੰਟਨ), ਲਾਲਰੇਮਿਸਆਮੀ (ਹਾਕੀ), ਮੁਹੰਮਦ ਅਫ਼ਜ਼ਲ (ਐਥਲੈਟਿਕਸ) ਅਤੇ ਪੂਜਾ (ਕਬੱਡੀ)।
