ਦਿੱਲੀ ਲਈ ਯਾਦਗਾਰ ਰਿਹਾ ਸੈਸ਼ਨ : ਅਈਅਰ

05/12/2019 1:40:23 PM

ਸਪਰੋਟਸ ਡੈਸਕ- ਦਿੱਲੀ ਕੈਪੀਟਲਸ ਦੀ ਟੀਮ ਬੇਸ਼ੱਕ ਪਹਿਲੀ ਵਾਰ ਆਈ. ਪੀ. ਐੱਲ. ਦੇ ਫਾਈਨਲ ਵਿਚ ਨਹੀਂ ਪਹੁੰਚ ਸਕੀ ਪਰ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਦਾ ਕਹਿਣਾ ਹੈ ਕਿ ਦਿੱਲੀ ਲਈ ਇਹ ਯਾਦਗਾਰ ਸੈਸ਼ਨ ਰਿਹਾ। ਦਿੱਲੀ ਦੀ ਟੀਮ ਨੇ ਇਸ ਸੈਸ਼ਨ ਵਿਚ ਆਪਣਾ ਨਾਂ ਦਿੱਲੀ ਡੇਅਰਡੇਵਿਲਜ਼ ਤੋਂ ਬਦਲ ਕੇ ਦਿੱਲੀ ਕੈਪੀਟਲਸ ਰੱਖਿਆ ਤੇ ਨਾਂ ਬਦਲਣ ਨਾਲ ਉਸਦੀ ਕਿਸਮਤ ਵਿਚ ਅਜਿਹਾ ਬਦਲਾਅ ਆਇਆ ਕਿ ਟੀਮ ਛੇ ਸਾਲ ਬਾਅਦ ਪਲੇਅ ਆਫ ਵਿਚ ਜਾ ਪਹੁੰਚੀ। ਦਿੱਲੀ ਨੇ ਲੀਗ ਦੌਰ ਵਿਚ ਤੀਜਾ ਸਥਾਨ ਹਾਸਲ ਕੀਤਾ, ਜਦਕਿ ਉਹ ਪਿਛਲੇ ਸੈਸ਼ਨ ਵਿਚ ਸਿਰਫ 5 ਜਿੱਤਾਂ ਨਾਲ ਅੰਕ ਸੂਚੀ ਵਿਚ ਫਾਡੀ ਰਹੀ ਸੀ।

ਦਿੱਲੀ ਨੇ ਪਲੇਅ ਆਫ ਵਿਚ ਐਲਿਮੀਨੇਟਰ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ ਪਰ ਦੂਜੇ ਕੁਆਲੀਫਾਇਰ ਵਿਚ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਹੱਥੋਂ ਹਾਰ ਜਾਣ ਨਾਲ ਉਸਦਾ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਦਾ ਸੁਪਨਾ ਟੁੱਟ ਗਿਆ। ਦਿੱਲੀ ਨੂੰ ਇਸ ਸੈਸ਼ਨ ਵਿਚ ਰਿਕੀ ਪੋਂਟਿੰਗ ਨੂੰ ਕੋਚ  ਦੇ ਰੂਪ ਵਿਚ ਬਰਕਰਾਰ ਰੱਖਣ ਤੇ ਸੌਰਭ ਗਾਂਗੁਲੀ ਦੀਆਂ ਸਲਾਹਕਾਰ ਦੇ ਰੂਪ ਵਿਚ ਸੇਵਾਵਾਂ ਲੈਣ ਦਾ ਵੀ ਫਾਇਦਾ ਮਿਲਿਆ।PunjabKesariਆਪਣੀ ਟੀਮ ਦੇ ਪ੍ਰਦਰਸ਼ਨ ਨੂੰ ਯਾਦਗਾਰ ਦੱਸਦੇ ਹੋਏ ਅਈਅਰ ਨੇ ਕਿਹਾ, ''ਸਾਡੇ ਲਈ ਇਹ ਸੁਨਹਿਰੀ ਸੈਸ਼ਨ ਰਿਹਾ ਤੇ ਇਹ ਤਾਂ ਇਕ ਸ਼ੁਰੂਆਤ ਹੈ। ਅਸੀਂ ਅਗਲੇ ਸੈਸ਼ਨ ਵਿਚ ਇਸ ਤੋਂ ਵੀ ਅੱਗੇ ਜਾ ਸਕਦੇ ਹਾਂ। ਅਸੀਂ ਇਕ ਇਕਾਈ ਦੇ ਰੂਪ ਵਿਚ ਪ੍ਰਦਰਸ਼ਨ ਕੀਤਾ ਤੇ ਅਸੀਂ ਟੀਮ ਦੇ ਰੂਪ ਵਿਚ ਇਕ ਲੈਅ ਹਾਸਲ ਕੀਤੀ ਹੈ। ਅਸੀਂ ਇੱਥੋਂ ਸਿਰਫ ਅੱਗੇ ਹੀ ਵਧਣਾ ਹੈ।''

ਕਪਤਾਨ ਨੇ ਕਿਹਾ, ''ਮੈਨੂੰ ਆਪਣੀ ਟੀਮ 'ਤੇ ਮਾਣ ਹੈ, ਜਿਸ ਤਰ੍ਹਾਂ ਅਸੀਂ ਇਸ ਸੈਸ਼ਨ ਵਿਚ ਖੇਡੇ। ਪਿਛਲਾ ਸੈਸ਼ਨ ਸਾਡੇ ਲਈ ਨਿਰਾਸ਼ਾਜਨਕ ਰਿਹਾ ਸੀ ਪਰ ਅਸੀਂ ਉਸ ਨਿਰਾਸ਼ਾ ਨੂੰ ਇਸ ਵਾਰ ਕਿਤੇ ਪਿੱਛੇ ਛੱਡ ਦਿੱਤਾ। ਹਰ ਕਿਸੇ ਨੇ ਆਖਰੀ ਮੈਚ ਤਕ ਆਪਣੀ ਜ਼ਿੰਮੇਵਾਰੀ ਨਿਭਾਈ।''


Related News