ਮੇਦਵੇਦੇਵ ਆਸਟਰੇਲੀਅਨ ਓਪਨ ਦੇ ਤੀਜੇ ਦੌਰ ''ਚ
Friday, Jan 21, 2022 - 03:15 AM (IST)
ਮੈਲਬੋਰਨ- ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਡੇਨੀਅਲ ਮੇਦਵੇਦੇਵ ਨੇ ਵੀਰਵਾਰ ਨੂੰ ਇੱਥੇ 4 ਸੈੱਟਾਂ ਵਿਚ ਸਥਾਨਕ ਖਿਡਾਰੀ ਨਿਕ ਕ੍ਰਿਗੀਓਸ ਨੂੰ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ਵਿਚ ਜਗ੍ਹਾ ਬਣਾਈ ਜਦਕਿ ਮਹਿਲਾ ਸਿੰਗਲਜ਼ ਵਿਚ ਹਾਲਾਂਕਿ ਤੀਜਾ ਦਰਜਾ ਪ੍ਰਾਪਤ ਗਰਬਾਈਨ ਮੁਗਰੂਜਾ ਤੇ 6ਵਾਂ ਦਰਜਾ ਪ੍ਰਾਪਤ ਏਨੇਟ ਕੋਂਟਾਵੀਟ ਦੂਜੇ ਦੌਰ 'ਚ ਹਾਰ ਦੇ ਨਾਲ ਟੂਰਨਾਮੈਂਟ ਵਿਚੋਂ ਬਾਹਰ ਹੋ ਗਈਆਂ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
ਦੁਨੀਆ ਦੇ 115ਵੇਂ ਨੰਬਰ ਦੇ ਖਿਡਾਰੀ ਕ੍ਰਿਗੀਓਸ ਨੂੰ ਦਰਸ਼ਕਾਂ ਦਾ ਸਾਥ ਮਿਲਿਆ ਤੇ ਉਸ ਨੇ ਰੂਸ ਦੇ ਖਿਡਾਰੀ ਵਿਰੁੱਧ ਕੁਝ ਮੌਕਿਆਂ 'ਤੇ ਸ਼ਾਨਦਾਰ ਖੇਡ ਵੀ ਦਿਖਾਈ ਪਰ ਇਸਦੇ ਬਾਵਜੂਦ ਮੇਦਵੇਦੇਵ ਨੇ ਸਬਰ ਬਰਕਰਾਰ ਰੱਖਦੇ ਹੋਏ ਤੀਜਾ ਸੈੱਟ ਗਵਾਉਣ ਤੋਂ ਬਾਅਦ 7-6 (1), 6-4, 4-6, 6-2 ਨਾਲ ਜਿੱਤ ਦਰਜ ਕੀਤੀ। ਪੁਰਸ਼ ਵਰਗ ਵਿਚ ਚੌਥਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਨੇ ਦੂਜੇ ਦੌਰ ਵਿਚ ਸਬੇਸੇਟੀਅਨ ਬੇਇਜ ਨੂੰ 7-6 (1), 6-7 (5), 6-3, 6-4 ਨਾਲ ਹਰਾਇਆ। 5 ਵਾਰ ਦੇ ਉਪ ਜੇਤੂ ਤੇ ਸਾਬਕਾ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੂੰ 120ਵੇਂ ਨੰਬਰ ਦੇ ਖਿਡਾਰੀ ਟੇਰੋ ਡੇਨੀਅਲ ਨੇ 6-4, 6-4, 6-4 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਮਹਿਲਾ ਸਿੰਗਲਜ਼ 'ਚ ਦੂਜਾ ਦਰਜਾ ਪ੍ਰਾਪਤ ਏਰਿਨ ਸਬਾਲੇਂਕਾ ਵੀ ਇਕ ਦਰਜਨ ਡਬਲ ਫਾਲਟ ਕਰਨ ਤੋਂ ਬਾਅਦ ਹਾਰ ਦੇ ਕੰਢੇ 'ਤੇ ਪਹੁੰਚ ਗਈ ਸੀ ਪਰ ਵਾਪਸੀ ਕਰਦੇ ਹੋਏ ਦੁਨੀਆ ਦੀ 100ਵੇਂ ਨੰਬਰ ਦੀ ਖਿਡਾਰਨ ਵੈਂਗ ਸ਼ਿਨਊ ਨੂੰ 1-6, 6-4, 6-2 ਨਾਲ ਹਰਾਉਣ ਵਿਚ ਸਫਲ ਰਹੀ। ਅਮਰੀਕੀ ਓਪਨ ਚੈਂਪੀਅਨ ਐਮਾ ਰਾਡੂਕਾਨੂ ਨੂੰ ਵੀ ਡੇਂਕਾ ਕੋਵੀਨਿਚ ਨੇ 6-4, 4-6, 6-3 ਨਾਲ ਹਰਾਇਆ। ਮੁਗੁਰੂਜਾ ਨੂੰ ਐਲਿਜ ਕੋਰਨੇਟ ਵਿਰੁੱਧ 3-6, 3-6 ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਡਬਲਯੂ. ਟੀ. ਏ. ਫਾਈਨਲ ਦੇ ਖਿਤਾਬੀ ਮੁਕਾਬਲੇ ਵਿਚ ਮੁਗੁਰੂਜਾ ਵਿਰੁੱਧ ਹਾਰ ਝੱਲਣ ਵਾਲੀ ਕੋਂਟਾਵੀਟ ਨੂੰ ਡੈੱਨਮਾਰਕ ਦੀ 19 ਸਾਲਾ ਕਲਾਰਾ ਟਾਓਸਨ ਨੇ ਸਿੱਧੇ ਸੈੱਟਾਂ ਵਿਚ 6-2, 6-3 ਨਾਲ ਹਰਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।