ਮੇਦਵੇਦੇਵ ਪਹਿਲੀ ਵਾਰ ਫਾਈਨਲ ’ਚ, ਖਿਤਾਬੀ ਟੱਕਰ ਜੋਕੋਵਿਚ ਨਾਲ
Friday, Feb 19, 2021 - 11:25 PM (IST)
ਮੈਲਬੋਰਨ– ਚੌਥੀ ਸੀਡ ਰੂਸ ਦੇ ਡੇਨਿਲ ਮੇਦਵੇਦੇਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਵੀਂ ਸੀਡ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਨੂੰ ਸ਼ੁੱਕਰਵਾਰ ਨੂੰ ਲਗਾਤਾਰ ਸੈੱਟਾਂ ਵਿਚ 6-4, 6-2, 7-5 ਨਾਲ ਹਰਾ ਕੇ ਪਹਿਲੀ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ। ਮੇਦਵੇਦੇਵ ਨੇ ਇਹ ਸੈਮੀਫਾਈਨਲ ਮੁਕਾਬਲਾ 2 ਘੰਟੇ 9 ਮਿੰਟ ਵਿਚ ਜਿੱਤਿਆ।
ਮੇਦਵੇਦੇਵ ਦਾ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਅੱਠ ਵਾਰ ਦੇ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਹੋਵੇਗਾ। ਮੇਦਵੇਦੇਵ ਨੇ ਇਸ ਜਿੱਤ ਨਾਲ ਆਪਣਾ ਜੇਤੂ ਕ੍ਰਮ 20 ਮੈਚਾਂ ਤਕ ਪਹੁੰਚਾ ਦਿੱਤਾ। ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਮੇਦਵੇਦੇਵ ਦੇ ਮੈਚ ਵਿਚ ਤੀਜੇ ਸੈੱਟ ਨੂੰ ਛੱਡ ਕੇ ਸਿਤਸਿਪਾਸ ਤੋਂ ਕੋਈ ਚੁਣੌਤੀ ਨਹੀਂ ਮਿਲੀ। ਉਸ ਨੇ ਮੈਚ ਵਿਚ 46 ਵਿਨਰਸ ਲਾਏ ਤੇ ਆਪਣੀ ਪਹਿਲੀ ਸਰਵਿਸ ’ਤੇ 88 ਫੀਸਦੀ ਅੰਕ ਜਿੱਤੇ। ਰੂਸੀ ਖਿਡਾਰੀ ਨੇ ਮੈਚ ਵਿਚ ਸਿਰਫ 21 ਬੇਜਾਂ ਭੂਲਾਂ ਕੀਤੀਆਂ।
ਮੇਦਵੇਦੇਵ ਦੀ ਸਿਤਸਿਪਾਸ ਵਿਰੁੱਧ 7 ਮੁਕਾਬਲਿਆਂ ਵਿਚ ਇਹ ਛੇਵੀਂ ਜਿੱਤ ਸੀ। ਉਹ ਮਰਾਤ ਸਾਫਿਨ ਤੇ ਯੇਵਗੇਨੀ ਕਫੇਲਨਿਕੋਵਾ ਤੋਂ ਬਾਅਦ ਤੀਜਾ ਰੂਸੀ ਖਿਡਾਰੀ ਬਣ ਗਿਆ ਹੈ ਜਿਹੜਾ ਇਕ ਤੋਂ ਵੱਧ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚਿਆ ਹੈ। ਸਾਫਿਨ ਨੇ ਚਾਰ ਤੇ ਕਾਫੇਲਨਿਕੋਵ ਨੇ ਤਿੰਨ ਗ੍ਰੈਂਡ ਸਲੈਮ ਫਾਈਨਲ ਖੇਡੇ ਸਨ ਜਦਕਿ ਮੇਦਵੇਦੇਵ ਦਾ ਇਹ ਦੂਜਾ ਗ੍ਰੈਂਡ ਸਲੈਮ ਫਾਈਨਲ ਹੈ। ਰੂਸੀ ਖਿਡਾਰੀ ਨੇ ਫਾਈਨਲ ਤਕ ਦੇ ਆਪਣੇ ਸਫਰ ਵਿਚ ਪੰਜ ਮੈਚ ਲਗਾਤਾਰ ਸੈੱਟਾਂ ਵਿਚ ਜਿੱਤੇ ਹਨ।
ਉਸ ਨੂੰ ਸਿਰਫ ਤੀਜੇ ਰਾਊਂਡ ਵਿਚ ਫਿਲਿਪ ਕ੍ਰਾਜਿਨੋਵਿਚ ਨੂੰ ਹਰਾਉਣ ਵਿਚ ਪੰਜ ਸੈੱਟਾਂ ਤਕ ਜੂਝਣਾ ਪਿਆ ਸੀ। ਮੇਦਵੇਦੇਵ ਨੇ ਸਿਤਸਿਪਾਸ ਦੇ ਬੈਕਹੈਂਡ ਕਾਰਨਰ ’ਤੇ ਅਟੈਕ ਕੀਤਾ ਤੇ ਉਸ ’ਤੇ ਲਗਾਤਾਰ ਦਬਾਅ ਬਣਾਇਆ। ਮੇਦਵੇਦੇਵ ਰੈਲੀਆਂ ਵਿਚ ਸਿਤਸਿਪਾਸ ਦੇ ਮੁਕਾਬਲੇ ਜ਼ਿਆਦਾ ਬਿਹਤਰ ਸਾਬਤ ਹੋਇਆ।
ਮੇਦਵੇਦੇਵ ਦਾ ਜੋਕੋਵਿਚ ਵਿਰੁੱਧ 3-4 ਦਾ ਰਿਕਾਰਡ ਹੈ। ਰੂਸੀ ਖਿਡਾਰੀ ਨੇ ਦੋਵਾਂ ਖਿਡਾਰੀਆਂ ਵਿਚਾਲੇ ਆਖਰੀ ਟੱਕਰ ਵਿਚ ਜੋਕੋਵਿਚ ਨੂੰ ਏ. ਟੀ. ਪੀ. ਵਰਲਡ ਟੂਰ ਫਾਈਨਲਸ ਵਿਚ 6-3, 6-3 ਨਾਲ ਹਰਾਇਆ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।