Big Bash league : ਸਟੇਡੀਅਮ ਦੇ ਬਾਹਰ ਲੱਗੀ ਅੱਗ ਬੁਝਾਉਣ ਲਈ ਭੱਜੇ ਮੈਕਸਵੈਲ, Video ਵਾਇਰਲ
Monday, Dec 30, 2019 - 06:12 PM (IST)

ਨਵੀਂ ਦਿੱਲੀ : ਆਸਟਰੇਲੀਆ ਦੇ ਆਲਰਾਊਂਡਰ ਗਲੈਨ ਮੈਕਸਵੈਲ ਨੂੰ ਉਸ ਦੀ ਤੂਫਾਨੀ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ ਪਰ ਸੋਮਵਾਰ ਨੂੰ ਉਸ ਨੇ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਅਜਿਹਾ ਕੁੱਝ ਕੀਤਾ ਜਿਸ ਦੀ ਲੋਕ ਸ਼ਲਾਘਾ ਕਰ ਰਹੇ ਹਨ। ਦਰਅਸਲ, ਬਿਗ ਬੈਸ਼ ਲੀਗ ਦੇ 17ਵੇਂ ਮੈਚ ਤੋਂ ਪਹਿਲਾਂ ਲਾਂਸੇਸਟਨ ਦੇ ਆਊਰੋਰਾ ਸਟੇਡੀਅਮ ਦੇ ਬਾਹਰ ਅਚਾਨਕ ਅੱਗ ਲੱਗ ਗਈ। ਉਸ ਸਮੇਂ ਮੈਕਸਵੈਲ ਉੱਥੇ ਹੀ ਮੌਜੂਦ ਸਨ ਅਤੇ ਉਹ ਵੀ ਅੱਗ ਬੁਝਾਉਣ ਲਈ ਅੱਗੇ ਆ ਗਏ।
ਡੇਲ ਸਟੇਨ ਨੇ ਬਣਾਈ ਮੈਕਸਵੈਲ ਦੀ ਵੀਡੀਓ
Via the Instagram story of @DaleSteyn62: Glenn Maxwell to the rescue! The @StarsBBL skipper had a bizarre pre-game interruption in Launceston 🧯 #BBL09 pic.twitter.com/uN0PZ82UVl
— KFC Big Bash League (@BBL) December 30, 2019
ਦੱਸ ਦਈਏ ਕਿ ਪਹਿਲਾਂ ਡੇਲ ਸਟੇਨ ਅਤੇ ਗਲੈਨ ਮੈਕਸਵੈਲ ਇਕੱਠੇ ਹੀ ਸਨ ਪਰ ਅਚਾਨਕ ਸਟੇਡੀਅਮ ਕੰਪਲੈਕਸ ਦੇ ਬਾਹਰ ਸੁੱਕੇ ਘਾਹ 'ਚ ਅੱਗ ਲੱਗ ਗਈ। ਮੈਕਸਵੈਲ ਤੁਰੰਤ ਅੱਗੇ ਗਏ ਅਤੇ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾ ਦਿੱਤੀ। ਸਟੇਨ ਨੇ ਇਸ ਘਟਨਾ ਦੀ ਪੂਰੀ ਵੀਡੀਓ ਬਣਾਈ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕਰ ਦਿੱਤੀ।
ਦੱਸ ਦਈਏ ਕਿ ਆਸਟਰੇਲੀਆ ਦੇ ਜੰਗਲਾਂ ਵਿਚ ਅੱਗ ਦੇ ਭਾਂਬੜ ਮਚੇ ਹੋਏ ਹਨ। ਅੱਗ ਨਾਲ ਹਜ਼ਾਰਾਂ ਹੈਕਟੇਅਰ ਜੰਗਲ ਸੜ੍ਹ ਚੁੱਕੇ ਹਨ। ਲੱਖਾਂ ਜਾਨਵਰਾਂ ਦੀ ਅੱਗ ਵਿਚ ਸੜ੍ਹ ਕੇ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਆਪਣਾ ਘਰ ਗੁਆ ਚੁੱਕੇ ਹਨ। ਇੰਨਾ ਹੀ ਨਹੀਂ ਅੱਗ ਦੀ ਵਜ੍ਹਾ ਨਾਲ ਆਸਟਰੇਲੀਆ ਵਿਚ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਹਾਲ ਹੀ 'ਚ ਬਿਗ ਬੈਸ਼ ਲੀਗ ਵਿਚ ਖਰਾਬ ਹਵਾ ਕਾਰਨ ਮੈਚ ਰੱਦ ਕਰਨਾ ਪਿਆ ਸੀ, ਜੋ ਕਿ ਆਸਟਰੇਲੀਆ ਕ੍ਰਿਕਟ ਇਤਿਹਾਸ ਦੀ ਪਹਿਲੀ ਘਟਨਾ ਸੀ।
ਆਈ. ਪੀ. ਐੱਲ. 'ਚ ਭਾਰੀ ਰਕਮ 'ਚ ਵਿਕੇ ਹਨ ਮੈਕਸਵੈਲ
19 ਤਾਰੀਖ ਨੂੰ ਕੋਲਕਾਤਾ ਵਿਖੇ ਹੋਈ ਆਈ.ਪੀ. ਐੱਲ. 2020 ਦੀ ਨੀਲਾਮੀ ਵਿਚ ਗਲੈਨ ਮੈਕਸਵੈਲ ਦੀ ਕਿੰਗਜ਼ ਇਲੈਵਨ ਪੰਜਾਬ ਟੀਮ 'ਚ ਵਾਪਸੀ ਹੋਈ ਹੈ। ਪੰਜਾਬ ਟੀਮ ਨੇ ਮੈਕਸਵੈਲ ਨੂੰ 10.75 ਕਰੋੜ ਰੁਪਏ 'ਚ ਆਪਣੀ ਟੀਮ ਨਾਲ ਜੋੜਿਆ ਹੈ। ਇਸ ਵਾਰ ਨੀਲਾਮੀ ਵਿਚ ਆਸਟਰੇਲੀਆਈ ਖਿਡਾਰੀਆਂ ਦਾ ਬੋਲਬਾਲਾ ਰਿਹਾ ਹੈ। ਸਭ ਤੋਂ ਮਹਿੰਗਾ ਖਿਡਾਰੀ ਇਸ ਵਾਰ ਦੀ ਨੀਲਾਮੀ ਵਿਚ ਪੈਟ ਕਮਿੰਸ ਰਿਹਾ ਜਿਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 15.50 ਕਰੋੜ ਰੁਪਏ 'ਚ ਖਰੀਦਿਆ ਹੈ।