BCCI ਦਾ ਇਤਿਹਾਸਕ ਫੈਸਲਾ, ਹੁਣ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਹੋਈ ਮਹਿਲਾ ਖਿਡਾਰੀਆਂ ਦੀ ਮੈਚ ਫੀਸ
Thursday, Oct 27, 2022 - 01:19 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ 'ਚ ਹੁਣ ਪੁਰਸ਼ ਅਤੇ ਮਹਿਲਾ ਦਰਮਿਆਨ ਕੋਈ ਭੇਦਭਾਵ ਨਹੀਂ ਹੋਵੇਗਾ। ਸਾਰਿਆਂ ਨੂੰ ਬਰਾਬਰ ਮੈਚ ਫੀਸ ਮਿਲੇਗੀ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਦਿੱਤੀ ਹੈ।
ਜੈ ਸ਼ਾਹ ਨੇ ਇਸ ਇਤਿਹਾਸਕ ਫੈਸਲੇ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਜੈ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀਸੀਸੀਆਈ ਨੇ ਇਸ ਭੇਦਭਾਵ ਨੂੰ ਦੂਰ ਕਰਨ ਲਈ ਪਹਿਲਾ ਕਦਮ ਚੁੱਕਿਆ ਹੈ। ਅਸੀਂ ਆਪਣੀਆਂ ਇਕਰਾਰਨਾਮੇ ਵਾਲੀਆਂ ਮਹਿਲਾ ਕ੍ਰਿਕਟਰਾਂ ਲਈ ਤਨਖਾਹ ਇਕੁਇਟੀ ਨੀਤੀ ਲਾਗੂ ਕਰ ਰਹੇ ਹਾਂ।
ਇਹ ਵੀ ਪੜ੍ਹੋ : ਅਰਸ਼ਦੀਪ ਉਹ ਕਰ ਸਕਦਾ ਹੈ ਜੋ ਜ਼ਹੀਰ ਖਾਨ ਨੇ ਭਾਰਤ ਲਈ ਕੀਤਾ : ਕੁੰਬਲੇ
ਇਸ ਤਰ੍ਹਾਂ ਮਿਲੇਗੀ ਮਹਿਲਾ ਕ੍ਰਿਕਟਰਾਂ ਨੂੰ ਮੈਚ ਫੀਸ
ਬੀਸੀਸੀਆਈ ਸਕੱਤਰ ਨੇ ਕਿਹਾ ਕਿ ਅਸੀਂ ਹੁਣ ਲਿੰਗ ਸਮਾਨਤਾ ਦੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਅਜਿਹੇ 'ਚ ਇਸ ਨੀਤੀ ਦੇ ਤਹਿਤ ਹੁਣ ਤੋਂ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਲਈ ਬਰਾਬਰ ਮੈਚ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੋਂ ਮਹਿਲਾਵਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਮੈਚ ਫੀਸ ਮਿਲੇਗੀ। ਟੈਸਟ ਕ੍ਰਿਕਟ ਵਿੱਚ ਇੱਕ ਮੈਚ ਲਈ ਪੁਰਸ਼ਾਂ ਨੂੰ 15 ਲੱਖ ਰੁਪਏ ਦਿੱਤੇ ਜਾਂਦੇ ਹਨ। ਜਦਕਿ ਵਨ-ਡੇ ਇੰਟਰਨੈਸ਼ਨਲ 'ਚ ਪੁਰਸ਼ਾਂ ਨੂੰ ਪ੍ਰਤੀ ਮੈਚ 6 ਲੱਖ ਰੁਪਏ ਦਿੱਤੇ ਜਾਂਦੇ ਹਨ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਪੁਰਸ਼ਾਂ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਮੈਚ ਖੇਡਣ ਲਈ 3 ਲੱਖ ਰੁਪਏ ਮਿਲਦੇ ਹਨ। ਹੁਣ ਪੁਰਸ਼ ਕ੍ਰਿਕਟਰਾਂ ਵਾਂਗ ਮਹਿਲਾ ਕ੍ਰਿਕਟਰਾਂ ਨੂੰ ਵੀ ਬਰਾਬਰੀ ਧਨ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜੈ ਸ਼ਾਹ ਨੇ ਇਸ ਫੈਸਲੇ ਦਾ ਸਮਰਥਨ ਕਰਨ ਲਈ ਐਪੈਕਸ ਕੌਂਸਲ ਦਾ ਵੀ ਧੰਨਵਾਦ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।