ਮਾਰਕਰਾਮ ਨੂੰ IPL ਦੇ ਤਜਰਬੇ ਨਾਲ T-20 WC ''ਚ ਫ਼ਇਦਾ ਹੋਣ ਦੀ ਉਮੀਦ
Tuesday, Oct 12, 2021 - 03:57 PM (IST)
ਆਬੂਧਾਬੀ- ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਐਡਨ ਮਾਰਕਰਾਮ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਆਗਾਮੀ ਟੀ-20 ਵਰਲਡ ਕੱਪ 'ਚ ਦਬਾਅ ਦੀ ਸਥਿਤੀ ਤੋਂ ਬਿਹਤਰ ਤਰੀਕੇ ਨਾਲ ਨਜਿੱਠਣ 'ਚ ਮਦਦ ਮਿਲੇਗੀ। ਮਾਰਕਰਾਮ ਨੇ ਪੰਜਾਬ ਕਿੰਗਜ਼ ਲਈ ਇਸ ਲੀਗ 'ਚ 6 ਪਾਰੀਆਂ ਖੇਡੀਆਂ ਜਿਸ 'ਚ ਉਸ ਦਾ ਸਰਵਸ੍ਰੇਸ਼ਠ ਸਕੋਰ 42 ਦੌੜਾਂ ਰਿਹਾ। ਉਹ ਦੱਖਣੀ ਅਫ਼ਰੀਕਾ ਲਈ ਆਮ ਤੌਰ 'ਤੇ ਪਾਰੀ ਦਾ ਆਗਾਜ਼ ਕਰਦੇ ਹਨ ਪਰ ਆਈ. ਪੀ .ਐੱਲ. 'ਚ ਮੱਧਕ੍ਰਮ ਦੀ ਬੱਲੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੂੰ ਉਮੀਦ ਹੈ ਕਿ ਵਰਲਡ ਕੱਪ 'ਚ ਇਸ ਤਜਰਬੇ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।
ਮਾਰਕਰਾਮ ਨੇ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ, ''ਇਹ ਸ਼ਾਨਦਾਰ ਤਜਰਬਾ ਸੀ। ਇਹ ਕ੍ਰਿਕਟ ਦੇ ਉੱਚ ਪੱਧਰ 'ਤੇ ਹਾਲਾਤ ਨਾਲ ਤਾਲਮੇਲ ਬਿਠਾਉਣ ਤੇ ਕੁਝ ਸਿੱਖਣ ਦੇ ਮਾਮਲੇ 'ਚ ਚੰਗਾ ਰਿਹਾ।" ਉਨ੍ਹਾਂ ਕਿਹਾ, ''ਆਈ. ਪੀ. ਐੱਲ. ਮੈਚਾਂ ਦੇ ਬਾਅਦ ਕੁਝ ਬਿਹਤਰੀਨ ਖਿਡਾਰੀਆਂ ਦੇ ਨਾਲ ਗੱਲਬਾਤ ਦਾ ਮੌਕਾ ਮਿਲਿਆ, ਅਜਿਹੇ ਖਿਡਾਰੀ ਜੋ ਟੀ-20 ਕ੍ਰਿਕਟ ਦੇ ਧਾਕੜ ਮੰਨੇ ਜਾਂਦੇ ਹਨ। ਉਨ੍ਹਾਂ ਨਾਲ ਕੁਝ ਜਾਣਕਾਰੀ ਪ੍ਰਾਪਤ ਕਰਨਾ ਤੇ ਉਸ ਨੂੰ ਆਪਣੀ ਖੇਡ 'ਚ ਲਾਗੂ ਕਰਨਾ ਸ਼ਾਨਦਾਰ ਰਿਹਾ।"
ਉਨ੍ਹਾਂ ਇਸ ਦੌਰਾਨ ਆਖ਼ਰੀ ਓਵਰਾਂ 'ਚ ਬੱਲੇਬਾਜ਼ੀ ਦੇ ਤਜਰਬੇ 'ਤੇ ਕਿਹਾ ਕਿ ਟੀ-20 ਕ੍ਰਿਕਟ 'ਚ ਭਾਵੇਂ ਵਿਸ਼ਵ ਕੱਪ ਹੋਵੇ ਜਾਂ ਘਰੇਲੂ ਜਾਂ ਕੌਮਾਂਤਰੀ ਸੀਰੀਜ਼, ਆਮ ਤੌਰ 'ਤੇ ਨਤੀਜੇ ਆਖ਼ਰੀ ਤਿੰਨ ਓਵਰਾਂ 'ਚ ਹੀ ਆਉਂਦੇ ਹਨ। ਮੇਰੇ ਲਈ ਅਜਿਹੀ ਪਰਿਸਥਿਤੀ ਦਾ ਤਜਰਬਾ ਹਾਸਲ ਕਰਨਾ ਚੰਗਾ ਰਿਹਾ। ਮੈਨੂੰ ਯਕੀਨ ਹੈ ਕਿ ਵਰਲਡ ਕੱਪ 'ਚ ਮੈਚ ਆਖ਼ਰੀ ਓਵਰਾਂ ਤਕ ਜਾਣਗੇ। ਇਹ ਉਸ ਸਮੇਂ ਉਸ ਦਬਾਅ ਤੋਂ ਨਜਿੱਠਣ ਦੇ ਬਾਰੇ 'ਤੇ ਹੈ ਜਿੱਥੇ ਦੋ ਤੋਂ ਤਿੰਨ ਗੇਂਦ ਦਾ ਖੇਡ ਮੈਚ ਦੇ ਨਤੀਜੇ ਨੂੰ ਬਦਲ ਸਕਦਾ ਹੈ।