ਮੈਰਾਥਨ ਵਿਸ਼ਵ ਰਿਕਾਰਡਧਾਰੀ ਕੇਲਵਿਨ ਕਿਪਟੁਮ ਦੀ ਕਾਰ ਹਾਦਸੇ ’ਚ ਮੌਤ
Tuesday, Feb 13, 2024 - 10:47 AM (IST)
ਨੈਰੋਬੀ (ਕੀਨੀਆ)– ਮੈਰਾਥਨ ਵਿਸ਼ਵ ਰਿਕਾਰਡਧਾਰੀ ਕੇਲਵਿਨ ਕਿਪਟੁਮ ਦੀ ਕੀਨੀਆ ਵਿਚ ਕਾਰ ਹਾਦਸੇ ਵਿਚ ਮੌਤ ਹੋ ਗਈ। ਉਹ ਇਸ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਸੋਨ ਤਮਗੇ ਦਾ ਪ੍ਰਮੁੱਖ ਦਾਅਵੇਦਾਰ ਸੀ। ਐਤਵਾਰ ਨੂੰ ਹੋਏ ਇਸ ਹਾਦਸੇ ਵਿਚ ਉਸਦੇ ਕੋਚ ਗੇਰਵੇਸ ਹਾਕਿਜਿਮਾਨਾ ਦੀ ਵੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਦੇਰ ਰਾਤ ਹੋਈ ਇਸ ਘਟਨਾ ਵਿਚ ਕਿਪਟੁਮ ਗੱਡੀ ਚਲਾ ਰਿਹਾ ਸੀ ਤੇ ਉਸਦੀ ਕਾਰ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਖੱਡ ਵਿਚ ਡਿੱਗ ਗਈ। ਕਿਪਟੁਮ 24 ਸਾਲ ਦਾ ਸੀ।
ਉਸ ਨੇ ਏਲੀਟ ਮੈਰਾਥਨ ਵਿਚ ਤੀਜੀ ਵਾਰ ਹਿੱਸਾ ਲੈਂਦੇ ਹੀ ਵਿਸ਼ਵ ਕਿਰਾਰਡ ਤੋੜ ਦਿੱਤਾ ਸੀ। ਕੌਮਾਂਤਰੀ ਟ੍ਰੈਕ ਸੰਘ ਵਿਸ਼ਵ ਐਥਲੈਟਿਕਸ ਨੇ ਪਿਛਲੇ ਹਫਤੇ ਹੀ ਪਿਛਲੇ ਸਾਲ ਸ਼ਿਕਾਗੋ ਮੈਰਾਥਨ ਵਿਚ ਬਣਾਏ ਗਏ ਉਸਦੇ ਰਿਕਾਰਡ ਨੂੰ ਮਨਜ਼ੂਰ ਕੀਤਾ ਸੀ। ਉਸਦੀ ਮੌਤ ਤੋਂ ਦੁਖੀ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਬਿਆਨ ਵਿਚ ਐਪਣੀਆਂ ਸੰਵੇਦਨਾਵਾਂ ਜਤਾਉਂਦੇ ਹੋਏ ਕਿਹਾ,‘‘ਉਹ ਅਜੇ 24 ਸਾਲ ਦਾ ਹੀ ਸੀ। ਕਿਪਟੁਮ ਸਾਡਾ ਭਵਿੱਖ ਸੀ।’’ ਪੁਲਸ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਕਾਰ ਵਿਚ ਇਕ 24 ਸਾਲਾ ਮਹਿਲਾ ਵੀ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।