ਪੈਰਿਸ ਓਲੰਪਿਕ ਦੇ ‘ਖਰਾਬ’ ਹੋ ਰਹੇ ਤਮਗਿਆਂ ਦੀ ਮਨੂ ਭਾਕਰ ਨੇ ਕੀਤੀ ਸ਼ਿਕਾਇਤ
Wednesday, Jan 15, 2025 - 01:52 PM (IST)
ਨਵੀਂ ਦਿੱਲੀ– ਭਾਰਤ ਦੀ ਸਟਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਪੈਰਿਸ ਓਲੰਪਿਕ ਵਿਚ ਜਿੱਤੇ ਦੋ ਕਾਂਸੀ ਤਮਗਿਆਂ ਦੇ ਸਥਾਨ ’ਤੇ ਨਵੇਂ ਤਮਗੇ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹ ਉਨ੍ਹਾਂ ਖਿਡਾਰੀਆਂ ਦੇ ਗਰੁੱਪ ਵਿਚੋਂ ਹੈ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਤਮਗੇ ਖਰਾਬ ਹੋ ਚੁੱਕੇ ਹਨ।
ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਹਾਲ ਹੀ ਦੇ ਦਿਨਾਂ ਵਿਚ ਆਪਣੇ ਖਰਾਬ ਹੋਏ ਤਮਗਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਇਹ ਪਤਾ ਲੱਗਾ ਹੈ ਕਿ ਭਾਕਰ ਦੇ ਤਮਗਿਆਂ ਦਾ ਰੰਗ ‘ਉਤਰ’ ਗਿਆ ਹੈ ਤੇ ਉਹ ਖਰਾਬ ਸਥਿਤੀ ਵਿਚ ਹਨ।
ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਕਿਹਾ ਕਿ ਖਰਾਬ ਤਮਗਿਆਂ ਨੂੰ ‘ਮੋਨੈਈ ਡੇ ਪੈਰਿਸ (ਫਰਾਂਸ ਦਾ ਰਾਸ਼ਟਰੀ ਟਕਸਾਲ) ਵੱਲੋਂ ਠੀਕ ਰੂਪ ਨਾਲ ਬਦਲਿਆ ਜਾਵੇਗਾ। ਖਿਡਾਰੀਆਂ ਨੂੰ ਮਿਲਣ ਵਾਲਾ ਨਵਾਂ ਤਮਗਾ ਪੁਰਾਣੇ ਦੇ ਬਰਾਬਰ ਹੀ ਹੋਵੇਗਾ । ਹਰੇਕ ਓਲੰਪਿਕ ਤਮਗੇ ਦੇ ਕੇਂਦਰ ਵਿਚ ਲੱਗੇ ਲੋਹੇ ਦੇ ਟੁਕੜਿਆਂ ਦਾ ਭਾਰ 18 ਗ੍ਰਾਮ ਹੁੰਦਾ ਹੈ। ਪੈਰਿਸ ਓਲੰਪਿਕ ਤੇ ਪੈਰਾਲੰਪਿਕ 2024 ਵਿਚ ਦਿੱਤੇ ਗਏ ਤਮਗਿਆਂ ਵਿਚ ਵੱਕਾਰੀ ਐਫਿਲ ਟਾਵਰ ਦੇ ਟੁਕੜੇ ਸ਼ਾਮਲ ਸਨ। ਪੈਰਿਸ 2024 ਲਈ 5084 ਸੋਨ, ਚਾਂਦੀ ਤੇ ਕਾਂਸੀ ਤਮਗੇ ਮਹਿੰਗੀਆਂ ਧਾਤਾਂ ਤੇ ਘੜੀ ਬਣਾਉਣ ਵਾਲੀ ਕੰਪਨੀ ਚੈਮੇਟ (ਐੱਲ. ਵੀ. ਐੱਮ. ਐੱਚ. ਗਰੁੱਪ ਦਾ ਹਿੱਸਾ) ਵੱਲੋਂ ਡਿਜ਼ਾਈਨ ਕੀਤੇ ਗਏ ਸਨ ਤੇ ‘ਮੋਨਾਈ ਡੇ ਪੈਰਿਸ’ ਨੇ ਇਸਦਾ ਨਿਰਮਾਣ ਕੀਤਾ ਸੀ।
ਮਨੂ ਆਜ਼ਾਦੀ ਤੋਂ ਬਾਅਦ ਓਲੰਪਿਕ ਦੇ ਇਕ ਹੀ ਸੈਸ਼ਨ ਵਿਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ।