''ਮਾਂਕੇਡਿੰਗ'' ਹੁਣ ਅਧਿਕਾਰਤ ਤੌਰ ''ਤੇ ਰਨ ਆਊਟ, ਐੱਮ. ਸੀ. ਸੀ. ਨੇ ਨਿਯਮਾਂ ''ਚ ਕੀਤੇ ਵੱਡੇ ਬਦਲਾਅ
Wednesday, Mar 09, 2022 - 02:15 PM (IST)
ਲੰਡਨ- ਕ੍ਰਿਕਟ ਦੇ ਨਿਯਮਾਂ ਦੇ ਸਰਪ੍ਰਸਤ ਮੇਰਿਲਬੋਰਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਦੂਜੇ ਪਾਸੇ ਖੜ੍ਹੇ ਬੱਲੇਬਾਜ਼ ਨੂੰ ਰਨ ਆਊਟ ਕਰਨ ਸਬੰਧੀ ਨਿਯਮ ਨੂੰ ਹੁਣ 'ਗ਼ਲਤ ਖੇਡ' ਵਰਗ ਤੋਂ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਗੇਂਦ ਨੂੰ ਚਮਕਾਉਣ ਲਈ ਲਾਰ ਦੇ ਇਸਤੇਮਾਲ 'ਤੇ ਵੀ ਪੂਰੀ ਤਰ੍ਹਾਂ ਨਾਲ ਬੈਨ ਲਗਾ ਦਿੱਤਾ ਗਿਆ ਹੈ ਤੇ 2022 ਜ਼ਾਬਤੇ 'ਚ ਇਹ ਬਦਲਾਅ ਅਕਤੂਬਰ ਤੋਂ ਲਾਗੂ ਹੋਣਗੇ।
ਇਹ ਵੀ ਪੜ੍ਹੋ : IPL 2022 : CSK ਨਾਲ ਜੁੜਿਆ ਆਇਰਲੈਂਡ ਦਾ ਇਹ ਤੇਜ਼ ਗੇਂਦਬਾਜ਼, ਟੀਮ ਲਈ ਹੋ ਸਕਦੈ ਫ਼ਾਇਦੇਮੰਦ
ਦੂਜੇ ਪਾਸੇ 'ਤੇ ਬੱਲੇਬਾਜ਼ ਦੇ ਕ੍ਰੀਜ਼ ਤੋਂ ਅੱਗੇ ਨਿਕਲ ਆਉਣ ਦੇ ਬਾਅਦ ਰਨ ਆਊਟ ਕਰਨ ਨੂੰ ਲੈ ਕੇ ਕਾਫ਼ੀ ਬਹਿਸ ਹੁੰਦੀ ਰਹੀ ਹੈ ਤੇ ਇਸ ਨੂੰ ਖੇਡ ਭਾਵਨਾ ਦੇ ਵਿਰੁੱਧ ਦੱਸਿਆ ਜਾਂਦਾ ਰਿਹਾ ਹੈ। ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸਮੇਤ ਕਈ ਖਿਡਾਰੀਆਂ ਨੇ ਹਾਲਾਂਕਿ ਇਸ ਨੂੰ ਬੱਲੇਬਾਜ਼ ਨੂੰ ਆਊਟ ਕਰਨ ਦਾ ਸਹੀ ਤਰੀਕਾ ਦੱਸ ਕੇ ਇਸ ਦੀ ਪੈਰਵੀ ਕੀਤੀ ਹੈ।
ਐੱਮ. ਸੀ. ਸੀ. ਨੇ ਬਿਆਨ 'ਚ ਕਿਹਾ, 'ਦੂਜੇ ਪਾਸੇ 'ਤੇ ਬੱਲੇਬਾਜ਼ ਨੂੰ ਰਨ ਆਊਟ ਕਰਨ ਸਬੰਧੀ ਨਿਯਮ 41.16 ਨੂੰ ਨਿਯਮ 41 (ਗ਼ਲਤ ਖੇਡ) ਤੋਂ ਹਟਾ ਕੇ ਨਿਯਮ 38 (ਰਨ ਆਊਟ) 'ਚ ਪਾ ਦਿੱਤਾ ਹੈ। ਨਿਯਮ ਦੇ ਸ਼ਬਦ ਸਮਾਨ ਰਹਿਣਗੇ।' ਸਭ ਤੋਂ ਪਹਿਲਾਂ 1948 'ਚ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਜਦੋਂ ਭਾਰਤ ਦੇ ਮਹਾਨ ਖਿਡਾਰੀ ਵੀਨੂ ਮਾਂਕਡ ਨੇ ਆਸਟਰੇਲੀਆਈ ਵਿਕਟਕਪੀਰ ਬਿਲ ਬ੍ਰਾਊਨ ਨੂੰ ਦੂਜੇ ਪਾਸੇ 'ਤੇ ਆਊਟ ਕੀਤਾ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਬੱਲੇਬਾਜ਼ ਨੂੰ ਚਿਤਾਵਨੀ ਵੀ ਦਿੱਤੀ ਸੀ।
ਆਸਟਰੇਲੀਆਈ ਮੀਡੀਆ ਨੇ ਇਸ ਨੂੰ 'ਮਾਂਕੇਡਿੰਗ' ਕਰਾਰ ਦਿੱਤਾ ਪਰ ਸੁਨੀਲ ਗਾਵਸਕਰ ਜਿਹੇ ਮਹਾਨ ਖਿਡਾਰੀਆਂ ਨੇ ਇਸ ਨੂੰ ਮਾਂਕਡ ਦੇ ਪ੍ਰਤੀ ਅਪਮਾਨਜਨਕ ਕਰਾਰ ਦੇ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਐੱਮ. ਸੀ. ਸੀ. ਨੇ ਇਹ ਵੀ ਕਿਹਾ ਕਿ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ਗ਼ਲਤ ਮੰਨੀ ਜਾਵੇਗੀ। ਕੋਰੋਨਾ ਮਹਾਮਾਰੀ ਕਾਰਨ ਆਈ. ਸੀ. ਸੀ. ਨੇ ਲਾਰ ਦੇ ਇਸਤੇਮਾਲ 'ਤੇ ਰੋਕ ਲਾ ਦਿੱਤੀ ਸੀ। ਐੱਮ. ਸੀ. ਸੀ. ਨੇ ਕਿਹਾ ਕਿ ਉਸ ਦੀ ਰਿਸਰਚ ਤੋਂ ਪਤਾ ਲਗਦਾ ਹੈ ਕਿ ਗੇਂਦ ਦੀ ਮੂਵਮੈਂਟ 'ਤੇ ਲਾਰ ਦਾ ਕੋਈ ਅਸਰ ਨਹੀਂ ਹੁੰਦਾ ਹੈ। ਇਸ ਨੇ ਕਿਹਾ, 'ਕੋਰੋਨਾ ਮਹਾਮਾਰੀ ਦੇ ਬਾਅਦ ਜਦੋਂ ਕ੍ਰਿਕਟ ਬਹਾਲ ਹੋਇਆ ਤਾਂ ਵੱਖ-ਵੱਖ ਫਾਰਮੈਟਾਂ 'ਚ ਖੇਡਣ ਦੀਆਂ ਸ਼ਰਤਾਂ 'ਚ ਸਾਫ਼ ਲਿਖਿਆ ਸੀ ਕਿ ਲਾਰ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।'
ਇਹ ਵੀ ਪੜ੍ਹੋ : ICC ਵਨ-ਡੇ ਰੈਂਕਿੰਗ 'ਚ ਮਿਤਾਲੀ ਤੇ ਮੰਧਾਨਾ ਨੂੰ ਹੋਇਆ ਨੁਕਸਾਨ, ਪਹੁੰਚੀਆਂ ਇਸ ਸਥਾਨ 'ਤੇ
ਇਸ 'ਚ ਕਿਹਾ ਗਿਆ, 'ਐੱਮ. ਸੀ. ਸੀ. ਦੀ ਰਿਸਰਚ ਤੋਂ ਪਤਾ ਲਗਦਾ ਹੈ ਕਿ ਗੇਂਦ ਦੀ ਸਵਿੰਗ 'ਤੇ ਲਾਰ ਦਾ ਕੋਈ ਅਸਰ ਨਹੀਂ ਹੁੰਦਾ ਹੈ। ਖਿਡਾਰੀ ਗੇਂਦ ਨੂੰ ਚਮਕਾਉਣ ਲਈ ਪਸੀਨੇ ਦਾ ਵੀ ਇਸਤੇਮਾਲ ਕਰਦੇ ਹਨ, ਜੋ ਸਮਾਨ ਰੂਪ ਨਾਲ ਪ੍ਰਭਾਵੀ ਹੈ।' ਇਸ 'ਚ ਕਿਹਾ ਗਿਆ, 'ਨਵੇਂ ਨਿਯਮ ਦੇ ਤਹਿਤ ਗੇਂਦ 'ਤੇ ਲਾਰ ਦਾ ਇਸਤੇਮਾਲ ਨਹੀਂ ਹੋ ਸਕੇਗਾ। ਇਸ ਦੇ ਨਾਲ ਹੀ ਫੀਲਡਰਾਂ ਦੇ ਵੀ ਮਿੱਠੀ ਚੀਜ਼ ਖਾ ਕੇ ਲਾਰ ਨੂੰ ਗੇਂਦ 'ਤੇ ਲਗਾਉਣ 'ਤੇ ਰੋਕ ਲਾ ਦਿੱਤੀ ਗਈ ਹੈ।
ਜ਼ਾਬਤੇ 'ਚ ਬਦਲਾਅ ਦਾ ਸੁਝਾਅ ਐੱਮ. ਸੀ. ਸੀ. ਨਿਯਮਾਂ ਦੀ ਉਪ ਕਮੇਟੀ ਨੇ ਦਿੱਤਾ ਹੈ ਜਿਸ ਨੂੰ ਮੁੱਖ ਕਮੇਟੀ ਨੇ ਪਿਛਲੇ ਹਫ਼ਤੇ ਮਨਜ਼ੂਰੀ ਦੇ ਦਿੱਤੀ ਹੈ। ਇਹ ਬਦਲਾਅ ਅਕਤੂਬਰ ਤੋਂ ਲਾਗੂ ਹੋਣਗੇ। ਐੱਮ. ਸੀ. ਸੀ. ਦੇ ਨਿਯਮ ਪ੍ਰਬੰਧਕ ਫ੍ਰੇਸਰ ਸਟੀਵਰਟ ਨੇ ਕਿਹਾ, '2022 ਜ਼ਾਬਤੇ 'ਚ ਕੁਝ ਵੱਡੇ ਬਦਲਾਅ ਕੀਤੇ ਗਏ ਹਨ। ਖੇਡ ਪ੍ਰਤੀ ਕਲੱਬ ਦੀ ਆਲਮੀ ਵਚਨਬੱਧਤਾ ਨੂੰ ਇਸ ਦਾ ਐਲਾਨ ਜ਼ਰੂਰੀ ਸੀ। ਅਕਤੂਬਰ 'ਚ ਇਨ੍ਹਾਂ ਦੇ ਲਾਗੂ ਹੋਣ ਤੋਂ ਪਹਿਲਾਂ ਦੁਨੀਆ ਭਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਬਾਰੇ ਸਮਝਣ ਦਾ ਸਮਾਂ ਦੇਣਾ ਹੋਵੇਗਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।