ਟੋਕੀਓ ਓਲੰਪਿਕਸ ’ਚ ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੂੰ ਮਿਲਿਆ ਮੁਸ਼ਕਲ ਡਰਾਅ
Thursday, Jul 22, 2021 - 06:24 PM (IST)
ਨਵੀਂ ਦਿੱਲੀ— ਟੋਕੀਓ ਓਲੰਪਿਕਸ ’ਚ ਟੇਬਲ ਟੈਨਿਸ ਮੁਕਾਬਲਿਆਂ ਲਈ ਕੱਢੇ ਗਏ ਡਰਾਅ ’ਚ ਭਾਰਤੀ ਖਿਡਾਰੀਆਂ ਨੂੰ ਮੁਸ਼ਕਲ ਰਾਹ ਮਿਲੀ ਹੈ। ਭਾਰਤ ਦੀ ਮਿਕਸਡ ਜੋੜੀ ਅਚੰਤਾ ਸ਼ਰਤ ਕਮਲ ਤੇ ਮਣਿਕਾ ਬੱਤਰਾ ਦਾ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਮੁਕਾਬਲਿਆਂ ’ਚ ਪਹਿਲਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਲਿਨ ਯੁਨ-ਜੂ ਤੇ ਚੇਂਗ ਆਈ ਚਿਨ ਦੀ ਜੋੜੀ ਨਾਲ ਹੋਵੇਗਾ।
ਭਾਰਤੀ ਜੋੜੀ ਨੇ 2018 ਦੇ ਜਕਾਰਤਾ ਏਸ਼ੀਆਈ ਖੇਡਾਂ ’ਚ ਕਾਂਸੀ ਤਮਗ਼ਾ ਜਿੱਤਿਆ ਸੀ ਪਰ ਚੀਨੀ ਤਾਈਪੇ ਦੀ ਲੈਫ਼ਟ-ਰਾਈਟ ਖਿਡਾਰੀਆਂ ਦੀ ਜੋੜੀ ਤੋਂ ਉਨ੍ਹਾਂ ਦਾ ਮੁਕਾਬਲਾ ਬਿਲਕੁਲ ਸੌਖਾ ਨਹੀਂ ਹੋਵੇਗਾ। ਖੱਬੇ ਹੱਥ ਦੇ ਖਿਡਾਰੀ ਲਿਨ ਨੂੰ ਵਿਸ਼ਵ ’ਚ ਛੇਵਾਂ ਦਰਜਾ ਪ੍ਰਾਪਤ ਹੈ ਜਦਕਿ ਚੇਂਗ ਵਿਸ਼ਵ ’ਚ ਅੱਠਵੇਂ ਨੰਬਰ ਦੇ ਖਿਡਾਰੀ ਹਨ ਹਾਲਾਂਕਿ ਸ਼ਰਤ ਤੇ ਸਤਯਨ ਪੁਰਸ਼ ਸਿੰਗਲ ’ਚ ਐਤਵਾਰ ਨੂੰ ਦੂਜੇ ਰਾਊਂਡ ’ਚ ਜਾ ਕੇ ਉਤਰਨਗੇ।
ਸ਼ਰਤ ਵਿਸ਼ਵ ਰੈਂਕਿੰਗ ’ਚ 32ਵੇਂ ਤੇ ਸਤਯਨ 38ਵੇਂ ਸਥਾਨ ’ਤੇ ਹਨ। ਉਨ੍ਹਾਂ ਦਾ ਤੀਜੇ ਦੌਰ ’ਚ ਪਹੁੰਚਣਾ ਯਕੀਨੀ ਮੰਨਿਆ ਜਾ ਰਿਹਾ ਹੈ ਪਰ ਤੀਜੇ ਰਾਊਂਡ ’ਚ ਹੀ ਉਨ੍ਹਾਂ ਦੀ ਪਰੇਸ਼ਾਨੀ ਸ਼ੁਰੂ ਹੋ ਸਕਦੀ ਹੈ। ਇਸ ਰਾਊਂਡ ’ਚ ਸ਼ਰਤ ਦਾ ਮੁਕਾਬਲਾ ਦੂਜਾ ਦਰਜਾ ਪ੍ਰਾਪਤ ਰੀਓ ਓਲੰਪਿਕ ਦੇ ਚੈਂਪੀਅਨ ਚੀਨ ਦੇ ਮਾ ਲੋਂਗ ਨਾਲ ਹੋਵੇਗਾ ਜਦਕਿ ਸਤਯਨ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਜਾਪਾਨੀ ਖਿਡਾਰੀ ਤੋਮੋਕਾਜੂ ਹਰਿਮੋਤੋ ਨਾਲ ਹੋਵੇਗਾ। ਸਤਯਨ ਨੇ ਹਰੀਮੋਤੋ ਨੂੰ 2019 ’ਚ ਇਕ ਵਾਰ ਏਸ਼ੀਆਈ ਚੈਂਪੀਅਨਸ਼ਿਪ ’ਚ ਹਰਾਇਆ ਸੀ।
ਸ਼ਰਤ ਚੀਨੀ ਖਿਡਾਰੀ ਦੇ ਖ਼ਿਲਾਫ਼ 2011 ਤੇ 2012 ’ਚ ਦੋ ਮੁਕਾਬਲਿਆਂ ’ਚ ਕਦੀ ਜਿੱਤ ਨਹੀਂ ਸਕੇ। ਮਹਿਲਾ ਸਿੰਗਲ ’ਚ ਬੱਤਰਾ ਤੇ ਸੁਤੀਰਥਾ ਮੁਖਰਜੀ ਦੇ ਲਈ ਡਰਾਅ ਕਾਫ਼ੀ ਮੁਸ਼ਕਲ ਨਿਕਲਿਆ। ਸ਼ਨੀਵਾਰ ਨੂੰ ਪਹਿਲੇ ਰਾਊਂਡ ’ਚ 61ਵੇਂ ਨੰਬਰ ਦੀ ਖਿਡਾਰੀ ਮਨਿਕਾ ਦਾ ਮੁਕਾਬਲਾ 99ਵੀਂ ਰੈਂਕਿੰਗ ਦੀ ਬਿ੍ਰਟੇਨ ਦੀ ਹੋ ਟਿਨ ਟਿਨ ਨਾਲ ਹੋਵੇਗਾ ਜਦਕਿ ਸੁਤੀਰਥਾ ਦਾ ਸਾਹਮਣਾ ਸਵੀਡਨ ਦੀ ਉੱਚੀ ਰੈਂਕਿੰਗ ਦੀ ਖਿਡਾਰੀ ਲਿੰਡਾ ਬਰਗਸਟ੍ਰਾਮ ਨਾਲ ਹੋਵੇਗਾ।