ਮਾਨ ਸਿੰਘ ਤੇ ਜਯੋਤੀ ਗਾਵਤੇ ਬਣੇ ਦਿੱਲੀ ਮੈਰਾਥਨ ਦੇ ਪੁਰਸ਼ ਤੇ ਮਹਿਲਾ ਵਰਗ ਦੇ ਜੇਤੂ
Monday, Feb 27, 2023 - 03:21 PM (IST)
ਨਵੀਂ ਦਿੱਲੀ, (ਭਾਸ਼ਾ)– ਮਾਨ ਸਿੰਘ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਨਵੀਂ ਦਿੱਲੀ ਮੈਰਾਥਨ ਵਿਚ ਜਿੱਤ ਦਰਜ ਕੀਤੀ ਤਾਂ ਉੱਥੇ ਹੀ ਮਹਿਲਾ ਵਰਗ ਵਿਚ ਜਯੋਤੀ ਗਾਵਤੇ ਖਿਤਾਬ ਦਾ ਬਚਾਅ ਕਰਨ ਵਿਚ ਸਫਲ ਰਹੀ। ਮਾਨ ਸਿੰਘ ਨੇ ਪੁਰਸ਼ ਵਰਗ ਦੀ ਬੇਹੱਦ ਸਖਤ ਮੁਕਾਬਲੇਬਾਜ਼ੀ ਨੂੰ 2 ਘੰਟੇ 14 ਮਿੰਟ ਤੇ 13 ਸੈਕੰਡ ਦੇ ਸਮੇਂ ਦੇ ਨਾਲ ਆਪਣੇ ਨਾਂ ਕੀਤਾ।
ਉਸਦਾ ਪਿਛਲਾ ਪ੍ਰਦਰਸ਼ਨ 2 ਘੰਟੇ 16 ਮਿੰਟ 68 ਸੈਕੰਡ ਸੀ। 33 ਸਾਲਾ ਇਸ ਦੌੜਾਕ ਨੂੰ ਇਨਾਮ ਦੇ ਤੌਰ ’ਤੇ ਡੇਢ ਲੱਖ ਰੁਪਏ ਦਾ ਚੈੱਕ ਮਿਲਿਆ। ਬੇਲਿਯੱਪਾ ਏ. ਬੀ. ਤੇ ਕਾਰਤਿਕ ਕੁਮਾਰ ਨੇ 42.195 ਕਿਲੋਮੀਟਰ ਦੇ ਕੋਰਸ ਨੂੰ ਕ੍ਰਮਵਾਰ 2 ਘੰਟੇ 14 ਮਿੰਟ ਅਤੇ 15 ਸੈਕੰਡ ਤੇ ਦੋ ਘੰਟੇ 14 ਮਿੰਟ ਤੇ 19 ਸੈਕੰਡ ਦੇ ਸਮੇਂ ਨਾਲ ਪੂਰਾ ਕਰਕੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਮਹਿਲਾ ਵਰਗ ’ਚ ਜਯੋਤੀ ਹਾਲਾਂਕਿ ਏਸ਼ੀਆਈ ਖੇਡਾਂ ਦੇ ਕੁਆਲੀਫਿਕੇਸ਼ਨ ਮਾਰਕ (2 ਘੰਟੇ 37 ਮਿੰਟ) ਨੂੰ ਹਾਸਲ ਕਰਨ ਤੋਂ ਖੁੰਝ ਗਈ। ਉਸ ਨੇ 2 ਘੰਟੇ 53 ਮਿੰਟ 4 ਸੈਕੰਡ ਦੇ ਸਮੇਂ ਨਾਲ ਰੇਸ ਜਿੱਤੀ। ਅਸ਼ਵਿਨੀ ਜਾਧਵ (2 ਘੰਟੇ 53 ਮਿੰਟ 6 ਸੈਕੰਡ) ਤੇ ਜਿਗਮੇਤ ਡੋਲਮਾ (2 ਘੰਟੇ 56 ਮਿੰਟ 41 ਸੈਕੰਡ) ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਆਪਣੇ ਨਾਂ ਕੀਤੇ।