IND vs AUS: ਬਾਕਸਿੰਗ ਡੇਅ ਟੈਸਟ ਦੇ ਮੈਨ ਆਫ ਦਿ ਮੈਚ ਨੂੰ ਮਿਲੇਗਾ ਜਾਨੀ ਮੁਲਾਗ ਮੈਡਲ
Monday, Dec 21, 2020 - 01:20 PM (IST)
ਮੈਲਬੌਰਨ (ਭਾਸ਼ਾ) : ਭਾਰਤ ਅਤੇ ਆਸਟਰੇਲੀਆ ਵਿਚਾਲੇ 26 ਦਸੰਬਰ (ਬਾਕਸਿੰਗ ਡੇਅ) ਨਾਲ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਸਭ ਤੋਂ ਉੱਤਮ ਖਿਡਾਰੀ (ਮੈਨ ਆਫ ਦਿ ਮੈਚ) ਨੂੰ ਜਾਨੀ ਮੁਲਾਗ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਜਾਨੀ ਮੁਲਾਗ ਵਿਦੇਸ਼ੀ ਦੌਰੇ ਉੱਤੇ ਜਾਣ ਵਾਲੀ ਪਹਿਲੀ ਆਸਟਰੇਲੀਆਈ ਟੀਮ ਦੇ ਕਪਤਾਨ ਸਨ। ਉਨ੍ਹਾਂ ਦੀ ਅਗਵਾਈ ਵਿੱਚ 1868 ਵਿੱਚ ਟੀਮ ਨੇ ਬ੍ਰਿਟੇਨ ਦਾ ਦੌਰਾ ਕੀਤਾ ਸੀ।
ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ, ‘ਬਾਕਸਿੰਗ ਡੇਅ ਟੈਸਟ ਦੇ ਸਭ ਤੋਂ ਉੱਤਮ ਖਿਡਾਰੀ ਨੂੰ ਮੁਲਾਗ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਨਾਮ ਦਿੱਗਜ ਜਾਨੀ ਮੁਲਾਗ ਦੇ ਨਾਮ ਉੱਤੇ ਰੱਖਿਆ ਗਿਆ ਹੈ ਜੋ 1868 ਦੀ ਕ੍ਰਿਕਟ ਟੀਮ ਦੇ ਕਪਤਾਨ ਸਨ। ਇਹ ਟੀਮ ਅੰਤਰਰਾਸ਼ਟਰੀ ਦੌਰਾ ਕਰਣ ਵਾਲੀ ਪਹਿਲੀ ਆਸਟਰੇਲੀਆਈ ਟੀਮ ਸੀ।’
ਮੁਲਾਗ ਦਾ ਅਸਲੀ ਨਾਮ ਉਨਾਰਿਮਿਨ ਸੀ ਅਤੇ ਉਨ੍ਹਾਂ ਨੇ 1868 ਵਿੱਚ ਖੇਤਰੀ ਟੀਮ ਦੀ ਅਗਵਾਈ ਕੀਤੀ ਸੀ। ਇਸ ਦੌਰੇ ਵਿਚ ਉਨ੍ਹਾਂ ਨੇ 47 ਵਿੱਚੋਂ 45 ਮੈਚ ਖੇਡੇ ਸਨ ਅਤੇ ਲੱਗਭੱਗ 23 ਦੀ ਔਸਤ ਨਾਲ 1698 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 1877 ਓਵਰ ਵੀ ਕੀਤੇ, ਜਿਸ ਵਿਚੋਂ 831 ਓਵਰ ਮੇਡਨ ਸਨ ਅਤੇ 10 ਦੀ ਔਸਤ ਨਾਲ 245 ਵਿਕਟਾਂ ਲਈਆਂ। ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਕੰਮ ਚਲਾਊ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਈ ਅਤੇ 4 ਸਟੰਪਿੰਗ ਕੀਤੀ।