ਮਮੇਘਾਰੋਵ ਨੇ ਦਿੱਤਾ ਕ੍ਰਾਮਨਿਕ ਨੂੰ ਝਟਕਾ

03/18/2018 4:24:08 AM

ਬਰਲਿਨ (ਜਰਮਨੀ)- ਵਿਸ਼ਵ ਦੇ 8 ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫੀਡੇ ਕੈਂਡੀਡੇਟ ਸ਼ਤਰੰਜ-2018 ਵਿਚ 6ਵੇਂ ਰਾਊਂਡ ਵਿਚ 2 ਨਤੀਜੇ ਦੇਖਣ ਨੂੰ ਮਿਲੇ, ਜਦਕਿ 2 ਮੈਚ ਬਿਨਾਂ ਨਤੀਜੇ ਦੇ ਰਹੇ। ਸਭ ਤੋਂ ਵੱਡਾ ਨਤੀਜਾ ਰੂਸ ਦੇ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮੀਰ ਕ੍ਰਾਮਨਿਕ ਦੀ ਅਜ਼ਰਬੇਨਜਾਨ ਦੇ ਗ੍ਰੈਂਡ ਮਾਸਟਰ ਮਮੇਘਾਰੋਵ ਦੇ ਹੱਥੋਂ ਹਾਰ ਦਾ ਰਿਹਾ। ਇਕ ਹੋਰ ਨਤੀਜੇ ਵਿਚ ਫੀਡੇ ਵਿਸ਼ਵ ਕੱਪ ਜੇਤੂ ਲੇਵਾਨ ਅਰੋਨੀਅਨ ਦੀ ਅਮਰੀਕਨ ਨੌਜਵਾਨ ਖਿਡਾਰੀ ਵੇਸਲੀ ਸੋ ਦੇ ਹੱਥੋਂ ਹਾਰ ਰਹੀ। ਰੂਸ ਦੇ ਸੇਰਜੀ ਕਰਜ਼ਾਕਿਨ ਅਤੇ ਚੀਨ ਦੇ ਡੀਂਗ ਲੀਰੇਨ ਅਤੇ ਅਮਰੀਕਨ ਦਿੱਗਜ ਫੇਬੀਆਨੋ ਕਾਰੂਆਨਾ ਅਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸ਼ਚੁਕ ਵਿਚਾਲੇ ਮੁਕਾਬਲਾ ਬਰਾਬਰੀ 'ਤੇ ਸਮਾਪਤ ਹੋਇਆ।
ਇਸ ਦੇ ਨਾਲ ਹੀ ਹੁਣ ਮਮੇਘਾਰੋਵ ਅਤੇ ਫੇਬੀਆਨੋ 4 ਅੰਕਾਂ ਦੇ ਨਾਲ ਸਾਂਝੀ ਬੜ੍ਹਤ 'ਤੇ ਆ ਗਏ ਹਨ। ਕ੍ਰਾਮਨਿਕ ਹਾਰ ਦੇ ਬਾਵਜੂਦ ਗ੍ਰੀਸ਼ਚੁਕ ਅਤੇ ਡੀਂਗ ਲੀਰੇਨ ਦੇ ਨਾਲ 3 ਅੰਕਾਂ ਦੇ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਹਨ। ਵੇਸਲੀ ਅਤੇ ਅਰੋਨੀਅਨ 2.5 ਅੰਕ 'ਤੇ ਅਤੇ ਸਾਬਕਾ ਵਿਸ਼ਵ ਕੱਪ ਚੈਲੰਜਰ ਕਰਜ਼ਾਕਿਨ 1.5 ਅੰਕ 'ਤੇ ਖੇਡ ਰਿਹਾ ਹੈ। ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਇਸੇ ਸਾਲ ਦੇ ਅਖੀਰ ਵਿਚ ਲੰਡਨ ਵਿਚ ਚੁਣੌਤੀ ਦੇਣ ਲਈ ਕਿਸੇ ਇਕ ਖਿਡਾਰੀ ਦੀ ਚੋਣ ਇਸ ਮੁਕਾਬਲੇ ਨਾਲ ਹੋਵੇਗੀ। ਅਜੇ 8 ਰਾਊਂਡਾਂ ਦੀ ਖੇਡ ਬਾਕੀ ਹੈ।


Related News