ਮਲਿੰਗਾ ਨੇ ਦਿੱਤੇ ਸੰਨਿਆਸ ਦੇ ਸੰਕੇਤ

09/02/2017 3:18:22 AM

ਕੋਲੰਬੋ— ਭਾਰਤ ਵਿਰੁੱਧ ਚੌਥੇ ਵਨਡੇ ਵਿਚ ਸ਼੍ਰੀਲੰਕਾਈ ਟੀਮ ਦੇ ਕਾਰਜਕਾਰੀ ਕਪਤਾਨ ਲਸਿਥ ਮਲਿੰਗਾ ਨੇ ਕਿਹਾ ਹੈ ਕਿ ਜੇਕਰ ਉਸ ਦੇ ਪ੍ਰਦਰਸ਼ਨ ਵਿਚ ਸੁਧਾਰ ਨਹੀਂ ਹੁੰਦਾ ਹੈ ਤਾਂ ਉਹ ਜਲਦ ਹੀ ਕ੍ਰਿਕਟ ਨੂੰ ਅਲਵਿਦਾ ਕਹਿਣ 'ਤੇ ਵਿਚਾਰ ਕਰ ਸਕਦਾ ਹੈ।
ਯਾਰਕਰਮੈਨ ਦੇ ਨਾਂ ਨਾਲ ਮਸ਼ਹੂਰ ਮਲਿੰਗਾ ਨੇ ਵਿਰਾਟ ਕੋਹਲੀ ਦੀ ਵਿਕਟ ਲੈ ਕੇ ਭਾਵੇਂ ਹੀ ਇਸ ਮੈਚ 'ਚ ਆਪਣੀਆਂ 300 ਵਿਕਟਾਂ ਪੂਰੀਆਂ ਕਰ ਲਈਆਂ ਹੋਣ ਪਰ ਉਸ ਦੀ ਗੇਂਦਬਾਜ਼ੀ ਫਾਰਮ ਨੂੰ ਚਿੰਤਾਜਨਕ ਕਿਹਾ ਜਾਵੇਗਾ। ਮਲਿੰਗਾ ਨੇ ਕਿਹਾ ਕਿ ਮੈਂ ਸੱਟ ਤੋਂ ਉੱਭਰ ਕੇ ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਕੀਤੀ ਸੀ ਪਰ ਪਹਿਲਾਂ ਜ਼ਿੰਬਾਬਵੇ ਤੇ ਹੁਣ ਭਾਰਤ ਵਿਰੁੱਧ ਮੈਂ ਆਸ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
34 ਸਾਲਾ ਮਲਿੰਗਾ ਨੇ ਕਿਹਾ ਕਿ ਇਸ ਸੀਰੀਜ਼ ਤੋਂ ਬਾਅਦ ਮੈਂ ਇਸ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਕਰਾਂਗਾ ਕਿ ਮੈਂ ਭਵਿੱਖ 'ਚ ਕਦੋਂ ਤਕ ਖੇਡ ਜਾਰੀ ਰੱਖਾਂਗਾ। ਮੈਂ ਇਸ ਗੱਲ 'ਤੇ ਵੀ ਵਿਚਾਰ ਕਰਾਂਗਾ ਕਿ ਮੇਰਾ ਸਰੀਰ ਕਿੰਨਾ ਫਿੱਟ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਕਿੰਨਾ ਤਜਰਬੇਕਾਰ ਹਾਂ। ਜੇਕਰ ਮੈਂ ਟੀਮ ਲਈ ਮੈਚ ਜੇਤੂ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਤਾਂ ਕੋਈ ਕਾਰਨ ਨਹੀਂ ਹੈ ਕਿ ਮੈਂ ਅੱਗੇ ਖੇਡਣਾ ਜਾਰੀ ਰੱਖਾਂ। ਮੈਂ ਅੱਗੇ ਕਈ ਮੈਚ ਖੇਡਣੇ ਹਨ ਤੇ ਮੇਰੀ ਇਹੀ ਕੋਸ਼ਿਸ਼ ਹੋਵੇਗੀ ਕਿ ਮੈਂ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਰੱਖਦੇ ਹੋਏ ਵਾਪਸੀ ਕਰਾਂ। ਜੇਕਰ ਮੈਂ ਟੀਮ ਨੂੰ ਜਿੱਤ ਨਹੀਂ ਦਿਵਾ ਸਕਦਾ ਤਾਂ ਮੇਰੇ ਲਈ ਸੰਨਿਆਸ ਲੈਣਾ ਹੀ ਸਭ ਤੋਂ ਵਧੀਆ ਬਦਲ ਹੋਵੇਗਾ।


Related News