ਮਲਿੰਗਾ ਜਲਦ ਹੀ ਲੈ ਸਕਦੈ ਸੰਨਿਆਸ
Tuesday, Jan 30, 2018 - 01:04 AM (IST)

ਕੋਲੰਬੋ—ਚੋਣਕਾਰਾਂ ਵਲੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸ਼੍ਰੀਲੰਕਾ ਦਾ ਤਜਰਬੇਕਾਰ ਤੇਜ਼ ਗੇਂਦਬਾਜ਼ ਜਲਦ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਸਕਦਾ ਹੈ।
34 ਸਾਲਾ ਮਲਿੰਗਾ ਪਿਛਲੇ ਦਸੰਬਰ ਤੋਂ ਹੀ ਰਾਸ਼ਟਰੀ ਟੀਮ 'ਚੋਂ ਬਾਹਰ ਚੱਲ ਰਿਹਾ ਹੈ। ਉਹ ਆਖਰੀ ਵਾਰ ਭਾਰਤ ਵਿਰੁੱਧ ਹੋਈ ਘਰੇਲੂ ਟੀ-20 ਸੀਰੀਜ਼ ਵਿਚ ਟੀਮ ਦਾ ਹਿੱਸਾ ਸੀ। ਇਸ ਤੋਂ ਬਾਅਦ ਉਸ ਨੂੰ ਬੰਗਲਾਦੇਸ਼ ਦੌਰੇ 'ਤੇ ਹੋਈ ਤਿਕੋਣੀ ਸੀਰੀਜ਼ ਲਈ ਵੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਸ ਨੇ ਹਾਲ ਹੀ ਵਿਚ ਫਿੱਟਨੈੱਸ ਟੈਸਟ ਪਾਸ ਕੀਤਾ ਸੀ।
ਮਲਿੰਗਾ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ 'ਚ ਕਿਹਾ, ''ਜੇਕਰ ਟੀਮ ਨੂੰ ਮੇਰੀਆਂ ਸੇਵਾਵਾਂ ਕਿਸੇ ਖਿਡਾਰੀ ਦੇ ਰੂਪ 'ਚ ਨਹੀਂ ਚਾਹੀਦੀਆਂ ਤਾਂ ਅੱਗੇ ਵਧਣ ਦਾ ਇਹ ਸਹੀ ਸਮਾਂ ਹੈ। ਮੈਨੂੰ ਪਤਾ ਹੈ ਕਿ ਮੇਰੇ ਅੰਦਰ ਅਜੇ ਵੀ ਕਾਫੀ ਕ੍ਰਿਕਟ ਬਾਕੀ ਹੈ ਤੇ ਜੇਕਰ ਮੈਂ ਇਕ ਖਿਡਾਰੀ ਦੇ ਰੂਪ ਵਿਚ ਯੋਗਦਾਨ ਨਹੀਂ ਦੇ ਸਕਦਾ ਤਾਂ ਮੈਂ ਵਿਸ਼ਵ ਕੱਪ ਵਿਚ ਮੈਂਟਰ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਾਂ।''