ਹੁਣ IPL ’ਚ ਵੀ ਮੈਦਾਨ ’ਤੇ ਧੋਨੀ ਦੇ ਚੌਕੇ-ਛੱਕੇ ਨਹੀਂ ਦੇਖ ਸਕਣਗੇ ਫੈਨਜ਼!

03/13/2020 1:16:07 PM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਟੀ-20 ਲੀਗ (ਇੰਡੀਅਨ ਪ੍ਰੀਮੀਅਰ ਲੀਗ) ਦੇ ਆਯੋਜਨ ’ਤੇ ਕੋਰੋਨਾਵਾਇਰਸ ਦਾ ਅਸਰ ਦਿਸ ਸਕਦਾ ਹੈ। ਸਰਕਾਰ ਨੇ ਕਿਸੇ ਵੀ ਵਿਦੇਸ਼ੀ ਦੇ 15 ਅਪ੍ਰੈਲ ਤਕ ਭਾਰਤ ਆਉਣ ’ਤੇ ਰੋਕ ਲਗਾ ਦਿੱਤੀ ਹੈ। ਆਈ.ਪੀ.ਐੱਲ. ’ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀ ਵਿਜ਼ਾ ਨਾ ਮਿਲਣ ਕਾਰਨ 15 ਅਪ੍ਰੈਲ ਤਕ ਟੂਰਨਾਮੈਂਟ ’ਚ ਨਹੀਂ ਖੇਡ ਸਕਣਗੇ। ਉਥੇ ਹੀ ਆਈ.ਪੀ.ਐੱਲ. 2020 ਦਾ ਆਯੋਜਨ ਖਾਲੀ ਸਟੇਡੀਅਮ ’ਚ ਕਰਾਉਣ ਦੀ ਗੱਲ ਹੋ ਰਹੀ ਹੈ ਜਿਸ ਦਾ ਮਤਲਬ ਹੋਵੇਗਾ ਕਿ ਭਾਰਤੀ ਫੈਨਜ਼ ਆਪਣੇ ਪਸੰਦੀਦਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਚੌਕੇ-ਛੱਕਿਆਂ ਦਾ ਮਜ਼ਾ ਸਟੇਡੀਅਮ ’ਚ ਜਾ ਕੇ ਨਹੀਂ ਲੈ ਸਕਣਗੇ। 

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਧੋਨੀ ਨੇ ਇੰਗਲੈਂਡ ਅਤੇ ਵੇਲਸ ’ਚ ਖੇਡੇ ਗਏ ਆਈ.ਸੀ.ਸੀ. ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਭਾਰਤ ਵਲੋਂ ਕੋਈ ਮੈਚ ਨਹੀਂ ਖੇਡਿਆ। ਜੁਲਾਈ ’ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਖੇਡਿਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਧੋਨੀ ਟੀਮ ਇੰਡੀਆ ’ਚੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਦੇ ਫੈਨਜ਼ ਨੂੰ ਉਮੀਦ ਸੀ ਕਿ ਉਹ ਆਪਣੇ ਚੈਂਪੀਅਨ ਕਪਤਾਨ ਨੂੰ ਆਈ.ਪੀ.ਐੱਲ. ’ਚ ਜਾ ਕੇ ਖੇਡਦੇ ਦੇਖਣਗੇ। ਪਰ ਹੁਣ ਕੋਰੋਨਾਵਾਇਰਸ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਇਸ ਆਈ.ਪੀ.ਐੱਲ. ਨੂੰ ਖਾਲੀ ਸਟੇਡੀਅਮ ’ਚ ਕਰਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। 

PunjabKesari

ਖਾਲੀ ਸਟੇਡੀਅਮ ’ਚ ਹੋ ਸਕਦੇ ਹਨ ਮੁਕਾਬਲੇ
ਆਈ.ਪੀ.ਐੱਲ. ਦੀ ਫ੍ਰੈਂਚਾਈਜ਼ੀ ਟੀਮ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਨ ਵਾਲੇ ਧੋਨੀ ਨੂੰ ਸਾਹਮਣੇ ਖੇਡਦੇ ਹੋਏ ਦੇਖਣ ਦਾ ਮੌਕਾ ਇਸ ਵਾਰ ਫੈਨਜ਼ ਨੂੰ ਨਹੀਂ ਮਿਲੇਗਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡੀ ਜਾ ਰਹੀ ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਧਰਮਸ਼ਾਲਾ ’ਚ ਬਾਰਸ਼ ਕਾਰਨ ਰੱਦ ਹੋ ਗਿਆ ਹੈ। ਹੁਣ ਬੀ.ਸੀ.ਸੀ.ਆਈ. ਨੇ ਫੈਸਲਾ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਲਖਨਊ ਅਤੇ ਕੋਲਕਾਤਾ ’ਚ ਮੈਚ ਖਾਲੀ ਸਟੇਡੀਅਮ ’ਚ ਕਰਵਾਇਆ ਜਾਵੇਗਾ। ਵਨ ਡੇ ਸੀਰੀਜ਼ ਨੂੰ ਖਾਲੀ ਸਟੇਡੀਅਮ ’ਚ ਕਰਵਾਉਣ ਦਾ ਫੈਸਲਾ ਕਰਕੇ ਬੀ.ਸੀ.ਸੀ.ਆਈ. ਨੇ ਸਾਫ ਕਰ ਦਿੱਤਾ ਹੈ ਕਿ ਉਹ ਆਈ.ਪੀ.ਐੱਲ. ਦਾ ਆਯੋਜਨ ਵੀ ਖਾਲੀ ਸਟੇਡੀਅਮ ’ਚ ਕਰਵਾ ਸਕਦੀ ਹੈ। ਉਂਝ ਵੀ ਜਿਸ ਤਰ੍ਹਾਂ ਕੋਰੋਨਾ ਇਕ ਮਹਾਮਾਰੀ ਦੀ ਤਰ੍ਹਾਂ ਦੁਨੀਆ ਭਰ ’ਚ ਫੈਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਸ ਨੂੰ ਰੋਕਣ ਲਈ ਬੀ.ਸੀ.ਸੀ.ਆਈ. ਦਾ ਇਹ ਕਦਮ ਸ਼ਲਾਘਾਯੋਗ ਹੈ। 

ਇਹ ਵੀ ਪੜ੍ਹੋ– ਗੂਗਲ ਇੰਡੀਆ ਦੇ ਕਰਮਚਾਰੀ ਨੂੰ ਹੋਇਆ COVID-19, ਕੰਪਨੀ ਨੇ ਚੁੱਕਿਆ ਇਹ ਕਦਮ


Related News