ਭਾਰਤ ਲਈ ਧੋਨੀ ਨੇ 10 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ

Saturday, Jan 12, 2019 - 05:02 PM (IST)

ਭਾਰਤ ਲਈ ਧੋਨੀ ਨੇ 10 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ

ਸਿਡਨੀ— ਭਾਰਤ ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਨੂੰ ਆਸਟਰੇਲੀਆ ਦੇ ਖਿਲਾਫ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਆਪਣੀ ਰਾਸ਼ਟਰੀ ਟੀਮ ਵੱਲੋਂ ਖੇਡਦੇ ਹੋਏ ਇਸ ਫਾਰਮੈਟ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਨਿੱਜੀ ਰਿਕਾਰਡ ਆਪਣੇ ਨਾਂ ਕਰ ਲਿਆ। ਧੋਨੀ ਭਾਰਤ ਦੇ ਪੰਜਵੇਂ ਅਤੇ ਓਵਰਆਲ 13ਵੇਂ ਬੱਲੇਬਾਜ਼ ਹਨ ਜਿਨ੍ਹਾਂ ਨੇ 50 ਓਵਰ ਫਾਰਮੈਟ 'ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਸਿਡਨੀ ਗ੍ਰਾਊਂਡ 'ਤੇ ਆਸਟਰੇਲੀਆ ਦੇ ਖਿਲਾਫ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਪਾਰੀ 'ਚ 96 ਗੇਂਦਾਂ 'ਚ ਤਿੰਨ ਚੌਕੇ ਅਤੇ ਇੱਕ ਛੱਕਾ ਲਾ ਕੇ 51 ਦੌੜਾਂ ਦੀ ਅਰਧ ਸੈਂਕੜੇ ਵਾਰੀ ਪਾਰੀ ਖੇਡੀ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਅਤੇ ਡੈਬਿਊ ਕਰਨ ਵਾਲੇ ਜੇਸਨ ਬੇਹਰੇਨਡਰਾਫ ਨੇ ਐਲ.ਬੀ.ਡਬਲਿਊ. ਕਰ ਕੇ ਧੋਨੀ ਨੂੰ ਪਵੇਲੀਅਨ ਭੇਜਿਆ। 

ਧੋਨੀ 10 ਹਜ਼ਾਰੀ ਬਣਨ ਦੇ ਅੰਕੜੇ ਤੋਂ ਸਿਰਫ ਇਕ ਦੌੜ ਦੂਰ ਸਨ ਅਤੇ ਉਹ ਇਸ ਅੰਕੜੇ ਤਕ ਪਹੁੰਚਣ ਦੇ ਨਾਲ ਹੀ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਦੀ ਐਲੀਟ ਸ਼੍ਰੇਣੀ 'ਚ ਸ਼ਾਮਲ ਹੋ ਗਏ ਹਨ। ਧੋਨੀ ਦੇ ਨਾਂ ਹੁਣ ਵਨ ਡੇ 'ਚ ਕੁੱਲ 10050 ਦੌੜਾਂ ਦਰਜ ਹੋ ਗਈਆਂ ਹਨ। ਇਸ ਸੂਚੀ 'ਚ ਚੋਟੀ 'ਤੇ ਮਾਸਟਰ ਬਲਾਸਟਰ ਹਨ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ 18426 ਦੌੜਾਂ ਹਨ। ਗਾਂਗੁਲੀ (11221) ਦੂਜੇ, ਦ੍ਰਾਵਿੜ (10768) ਤੀਜੇ ਅਤੇ ਵਿਰਾਟ (10235) ਚੌਥੇ ਨੰਬਰ ਹੈ। ਵਿਕਟਕੀਪਰ ਬੱਲੇਬਾਜ਼ ਨੇ ਹਾਲਾਂਕਿ ਸਿਡਨੀ ਵਨ ਡੇ ਤੋਂ ਪਹਿਲਾਂ ਹੀ 50 ਓਵਰ ਫਾਰਮੈਟ 'ਚ 10173 ਦੌੜਾਂ ਆਪਣੇ ਨਾਂ ਕੀਤੀਆਂ ਸਨ ਪਰ ਇਸ ਅੰਕੜੇ 'ਚ 174 ਦੌੜਾਂ ਉਨ੍ਹਾਂ ਨੇ ਦੱਖਣੀ ਅਫਰੀਕਾ ਇਲੈਵਨ ਦੇ ਖਿਲਾਫ ਸਾਲ 2007 'ਚ ਏਸ਼ੀਆ ਇਲੈਵਨ ਦੀ ਨੁਮਾਇੰਦਗੀ ਕਰਦੇ ਹੋਏ ਬਣਾਏ ਸਨ। 
PunjabKesari
ਧੋਨੀ ਦੇ ਇਲਾਵਾ ਭਾਰਤ ਕਪਤਾਨ ਵਿਰਾਟ ਕੋਹਲੀ ਵੀ ਵਨ ਡੇ 'ਚ 10 ਹਜ਼ਾਰ ਦੌੜਾਂ ਪਹਿਲਾਂ ਹੀ ਪੂਰੀਆਂ ਕਰ ਚੁੱਕੇ ਹਨ ਅਤੇ ਭਾਰਤ ਲਈ ਖੇਡਣ ਵਾਲੇ ਦੋਵੇਂ ਬੱਲੇਬਾਜ਼ ਸਰਗਰਮ ਬੱਲੇਬਾਜ਼ ਹਨ। ਸਚਿਨ, ਕੁਮਾਰ ਸੰਗਕਾਰਾ, ਰਿਕੀ ਪੋਂਟਿੰਗ, ਸਨਤ ਜੈਸੂਰਿਆ, ਮਾਹੇਲਾ ਜੈਵਰਧਨੇ, ਇੰਜ਼ਮਾਮ ਉਲ ਹੱਕ, ਜੈਕਸ ਕੈਲਿਸ, ਗਾਂਗੁਲੀ, ਦ੍ਰਾਵਿੜ, ਬ੍ਰਾਇਨ ਲਾਰਾ ਅਤੇ ਤਿਲਕਰਤਨੇ ਦਿਲਸ਼ਾਨ 10 ਹਜ਼ਾਰੀ ਕਲੱਬ ਦੇ ਹੋਰ ਖਿਡਾਰੀ ਹਨ। ਆਸਟਰੇਲੀਆ ਦੇ ਸੀਮਿਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਅਤੇ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੇ ਧੋਨੀ ਦੀ ਇਸ ਉਪਲਬਧੀ ਲਈ ਸ਼ਲਾਘਾ ਕੀਤੀ।


author

Tarsem Singh

Content Editor

Related News