ਮੈਗਨਸ ਕਾਰਲਸਨ ਬਣਿਆ ਟਾਟਾ ਸਟੀਲ ਇੰਡੀਆ ਸ਼ਤਰੰਜ ਦਾ ਕਿੰਗ
Wednesday, Nov 27, 2019 - 04:16 PM (IST)

ਕੋਲਕਾਤਾ (ਨਿਕਲੇਸ਼ ਜੈਨ) : ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਟਾਟਾ ਸਟੀਲ ਇੰਡੀਆ (ਰੈਪਿਡ ਅਤੇ ਬਲਿਟਜ਼) ਸ਼ਤਰੰਜ ਵਿਚ ਇਕ ਵਾਰ ਫਿਰ ਤੋਂ ਬਾਦਸ਼ਾਹਤ ਸਾਬਤ ਕਰ ਦਿੱਤੀ ਹੈ। 2013 ਵਿਚ ਵਿਸ਼ਵਨਾਥਨ ਆਨੰਦ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਵਾਲੇ ਕਾਰਲਸਨ ਨੇ ਇਥੇ ਖਿਤਾਬ ਜਿੱਤ ਕੇ ਸ਼ਤਰੰਜ ਦੇ ਇਸ ਛੋਟੇ ਫਾਰਮੈੱਟ ਵਿਚ ਸ਼ਾਨਦਾਰ ਵਾਪਸੀ ਕੀਤੀ। ਕਾਰਲਸਨ ਨੇ ਰੈਪਿਡ ਮੁਕਾਬਲੇ ਵਿਚ ਸਭ ਤੋਂ ਵੱਧ 15 ਅੰਕ ਬਣਾ ਕੇ ਪਹਿਲਾਂ ਰੈਪਿਡ ਦਾ ਖਿਤਾਬ ਆਪਣੇ ਨਾਂ ਕੀਤਾ ਅਤੇ ਉਸ ਤੋਂ ਬਾਅਦ ਬਲਿਟਜ਼ ਵਿਚ 12 ਅੰਕ ਬਣਾ ਕੇ ਅਮਰੀਕਾ ਦੇ ਨਾਕਾਮੁਰਾ ਨਾਲ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਪਰ ਗ੍ਰੈਂਡ ਚੈੱਸ ਟੂਰ ਦੇ ਨਿਯਮ ਅਨੁਸਾਰ ਰੈਪਿਡ ਅਤੇ ਬਲਿਟਜ਼ ਦੋਵਾਂ ਦੇ ਅੰਕ ਮਿਲਾਉਣ 'ਤੇ ਕਾਰਲਸਨ ਕੁਲ 27 ਅੰਕ ਬਣਾ ਕੇ ਜੇਤੂ ਬਣਿਆ।
ਕਲ ਖੇਡੇ ਗਏ 9 ਬਲਿਟਜ਼ ਮੁਕਾਬਲਿਆਂ ਵਿਚ ਕਾਰਲਸਨ ਨੇ 5 ਡਰਾਅ, 3 ਜਿੱਤਾਂ ਹਾਸਲ ਕੀਤੀਆਂ ਅਤੇ ਇਕ ਵਾਰ ਫਿਰ ਇਕਲੌਤੀ ਹਾਰ ਉਸ ਨੂੰ ਚੀਨ ਦੇ ਡਿੰਗ ਲੀਰੇਨ ਤੋਂ ਮਿਲੀ ਜਦਕਿ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਇਸ ਚੈਂਪੀਅਨਸ਼ਿਪ ਵਿਚ ਲਗਾਤਾਰ ਤੀਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਾਰਲਸਨ ਨੇ 37,500 ਅਮਰੀਕਨ ਡਾਲਰ ਅਤੇ ਟਰਾਫੀ ਆਪਣੇ ਨਾਂ ਕੀਤੀ।