ਮੈਗਨਸ ਕਾਰਲਸਨ ਬਣਿਆ ਬਲਿਟਜ਼ ਦਾ ਵੀ ਜੇਤੂ
Wednesday, Jan 01, 2020 - 12:04 AM (IST)

ਮਾਸਕੋ (ਨਿਕਲੇਸ਼ ਜੈਨ)— ਵਿਸ਼ਵ ਸ਼ਤਰੰਜ ਕਲਾਸੀਕਲ ਸ਼ਤਰੰਜ ਚੈਂਪੀਅਨ ਮੈਗਨਸ ਕਾਰਲਸਨ ਨੇ ਆਖਿਰਕਾਰ ਆਪਣੇ ਆਪ ਨੂੰ ਸ਼ਤਰੰਜ ਜਗਤ ਦਾ ਸੁਪਰ ਬੌਸ ਸਾਬਤ ਕਰਦਿਆਂ 2014 ਤੋਂ ਬਾਅਦ ਸ਼ਤਰੰਜ ਇਤਿਹਾਸ ਵਿਚ ਦੂਜੀ ਵਾਰ ਕਲਾਸੀਕਲ ਦੇ ਨਾਲ-ਨਾਲ ਰੈਪਿਡ ਤੇ ਬਲਿਟਜ਼ ਸ਼ਤਰੰਜ ਦਾ ਵਿਸ਼ਵ ਖਿਤਾਬ ਆਪਣੇ ਨਾਂ ਕਰ ਲਿਆ। ਨਾਲ ਹੀ ਤਿੰਨੇ ਹੀ ਫਾਰਮੈੱਟ ਵਿਚ ਇਕ ਵਾਰ ਫਿਰ ਮੈਗਨਸ ਵਿਸ਼ਵ ਦਾ ਨੰਬਰ-1 ਖਿਡਾਰੀ ਬਣ ਗਿਆ। 2 ਦਿਨ ਪਹਿਲਾਂ ਰੈਪਿਡ ਸ਼ਤਰੰਜ ਦਾ ਖਿਤਾਬ ਜਿੱਤਣ ਤੋਂ ਬਾਅਦ ਕਾਰਲਸਨ ਦੀਆਂ ਨਜ਼ਰਾਂ ਵਿਸ਼ਵ ਬਲਿਟਜ਼ ਖਿਤਾਬ ਹਾਸਲ ਕਰਨ 'ਤੇ ਸਨ ਤੇ ਉਸ ਨੇ 21 ਰਾਊਂਡਾਂ ਦੇ ਇਸ ਟੂਰਨਾਮੈਂਟ ਵਿਚ 13 ਜਿੱਤਾਂ, 7 ਡਰਾਅ ਤੇ ਇਕ ਹਾਰ ਦੇ ਨਾਲ 16.5 ਅੰਕ ਬਣਾਏ ਪਰ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਵੀ ਇੰਨੇ ਹੀ ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਪਰ ਕਾਰਲਸਨ ਨੇ ਨਾਕਾਮੁਰਾ ਨੂੰ ਟਾਈਬ੍ਰੇਕ ਵਿਚ 1.5-0.5 ਨਾਲ ਹਰਾਉਂਦਿਆਂ ਸ਼ਤਰੰਜ ਦੇ ਫਟਾਫਟ ਫਾਰਮੈੱਟ ਦੇ ਸਭ ਤੋਂ ਛੋਟੇ ਸਵਰੂਪ ਬਲਿਟਜ਼ ਸ਼ਤਰੰਜ ਦਾ ਖਿਤਾਬ ਵੀ ਹਾਸਲ ਕਰ ਲਿਆ।
ਹੰਪੀ ਬਲਿਟਜ਼ ਪ੍ਰਤੀਯੋਗਿਤਾ 'ਚ 12ਵੇਂ ਸਥਾਨ 'ਤੇ ਰਹੀ
ਭਾਰਤੀ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਦਾ ਆਖਰੀ ਤਿੰਨ ਦੌਰ ਵਿਚ ਹਾਰ ਦੇ ਕਾਰਣ ਵਿਸ਼ਵ ਮਹਿਲਾ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੂਜਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ ਤੇ ਦੋ ਦਿਨ ਤਕ ਚੱਲੀ ਬਲਿਟਜ਼ ਪ੍ਰਤੀਯੋਗਿਤਾ ਦੇ ਆਖਿਰ ਵਿਚ ਉਸ ਨੂੰ 12ਵੇਂ ਸਥਾਨ 'ਤੇ ਰਹਿ ਕੇ ਸਬਰ ਕਰਨਾ ਪਿਆ।