ਮੈਗਨਸ ਕਾਰਲਸਨ ਬਣਿਆ ਨਾਰਵੇ ਸ਼ਤਰੰਜ 2021 ਦਾ ਜੇਤੂ, ਲਾਈ ਖਿਤਾਬੀ ਹੈਟ੍ਰਿਕ

Sunday, Sep 19, 2021 - 02:34 PM (IST)

ਮੈਗਨਸ ਕਾਰਲਸਨ ਬਣਿਆ ਨਾਰਵੇ ਸ਼ਤਰੰਜ 2021 ਦਾ ਜੇਤੂ, ਲਾਈ ਖਿਤਾਬੀ ਹੈਟ੍ਰਿਕ

ਸਟਾਵੇਂਗਰ (ਨਿਕਲੇਸ਼ ਜੈਨ)–ਨਾਰਵੇ ਕਲਾਸਿਕ ਸ਼ਤਰੰਜ 2021 ਦੇ ਨੌਵੇਂ ਰਾਊਂਡ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਰੂਸ ਦੇ ਇਯਾਨ ਨੈਪੋਮਨਿਆਚੀ ਵਿਰੁੱਧ ਆਖ਼ਰੀ ਰਾਊਂਡ ਵਿਚ ਕਾਲੇ ਮੋਹਰਿਆਂ ਨਾਲ ਇਟਾਲੀਅਨ ਓਪਨਿੰਗ ਵਿਚ ਕਲਾਸੀਕਲ ਮੁਕਾਬਲਾ ਡਰਾਅ ਖੇਡਿਆ ਤੇ ਫਿਰ ਟਾਈਬ੍ਰੇਕ ਅਰਮਾਗੋਦੇਨ ਜਿੱਤ ਕੇ ਟੂਰਨਾਮੈਂਟ ਦੀ ਸਮਾਪਤੀ ਕੀਤੀ, ਨਾਲ ਹੀ 19.5 ਅੰਕਾਂ ਦੇ ਵੱਧ ਤੋਂ ਵੱਧ ਸਕੋਰ ਦੇ ਨਾਲ ਖਿਤਾਬ ਆਪਣੇ ਨਾਂ ਕਰ ਲਿਆ। ਇਸ ਤਰ੍ਹਾਂ ਲਗਾਤਾਰ ਤਿੰਨ ਵਾਰ ਇਹ ਖਿਤਾਬ ਜਿੱਤਣ ਵਾਲਾ ਕਾਰਲਸਨ ਪਹਿਲਾ ਖਿਡਾਰੀ ਬਣ ਗਿਆ  ਹੈ, ਨਾਲ ਹੀ ਸਭ ਤੋਂ ਵੱਧ 4 ਵਾਰ ਵੀ ਇਹ ਖਿਤਾਬ ਜਿੱਤਣ ਦਾ ਰਿਕਾਰਡ ਉਸ ਨੇ ਬਣਾ ਦਿੱਤਾ ਹੈ। ਆਖ਼ਰੀ ਦਿਨ ਕਾਰਲਸਨ ਨੂੰ ਉਸਦੇ ਨੇੜਲੇ ਵਿਰੋਧੀ ਹੰਗਰੀ ਦੇ ਰਿਚਰਡ ਰਾਪੋਰਟ ਦੇ ਫਰਾਂਸ ਦੇ ਅਲੀਰੇਜੋ ਫਿਰੌਜਾ ਹੱਥੋਂ ਹਾਰ ਜਾਣ ਦਾ ਵੀ ਫਾਇਦਾ ਮਿਲਿਆ।

ਇਕ ਹੋਰ ਮੁਕਾਬਲੇ ਵਿਚ ਰੂਸ ਦੇ ਸੇਰਗੀ ਕਾਰਯਾਕਿਨ ਨੇ ਨਾਰਵੇ ਦੇ ਆਰੀਅਨ ਤਾਰੀ ਨੂੰ ਕਲਾਸੀਕਲ ਮੁਕਾਬਲਾ ਡਰਾਅ ਖੇਡਣ ਤੋਂ ਬਾਅਦ ਟਾਈਬ੍ਰੇਕ ਵਿਚ ਹਰਾਇਆ। ਕੁਲ 10 ਰਾਊਂਡਾਂ ਤੋਂ ਬਾਅਦ ਕਾਰਲਸਨ 19.5 ਅੰਕਾਂ ਨਾਲ ਪਹਿਲੇ, ਅਲੀਰੇਜਾ ਆਖ਼ਰੀ ਮੈਚ ਜਿੱਤ ਕੇ 18 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ ਜਦਕਿ ਰਿਚਰਡ 16.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਨੈਪੋਮਨਿਆਚੀ 12 ਅੰਕਾਂ ਨਾਲ ਚੌਥੇ, ਸੇਰਗੀ 10 ਅੰਕਾਂ ਨਾਲ 5ਵੇਂ ਤੇ ਆਰੀਅਨ 7 ਅੰਕਾਂ ਨਾਲ ਆਖ਼ਰੀ ਸਥਾਨ ’ਤੇ ਰਿਹਾ।

ਪ੍ਰਤੀਯੋਗਿਤਾ ਦਾ ਅਸਰ ਵਿਸ਼ਵ ਰੈਂਕਿੰਗ ’ਤੇ ਵੀ ਪਿਆ ਹੈ। ਵਿਸ਼ਵ ਚੈਂਪੀਅਨ ਕਾਰਲਸਨ 2854 ਰੇਟਿੰਗ ਦੇ ਨਾਲ ਪਹਿਲੇ ਸਥਾਨ ’ਤੇ ਕਾਇਮ ਹੈ ਜਦਕਿ ਨੈਪੋਮਨਿਆਚੀ ਨੂੰ 10 ਅੰਕਾਂ ਦਾ ਨੁਕਸਾਨ ਹੋਇਆ ਹੈ ਹਾਲਾਂਕਿ 2782 ਅੰਕਾਂ ਦੇ ਨਾਲ ਉਹ ਚੌਥੇ ਸਥਾਨ ’ਤੇ ਕਾਇਮ ਹੈ। ਅਲੀਰੇਜਾ 2770 ਅੰਕਾਂ ਨਾਲ ਪਹਿਲੀ ਵਾਰ ਵਿਸ਼ਵ ਟਾਪ-10 ਵਿਚ ਸ਼ਾਮਲ ਹੋ ਕੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਆਖ਼ਰੀ ਰਾਊਂਡ ਹਾਰ ਕੇ ਵੀ ਰਿਚਰਡ 2770 ਰੇਟਿੰਗ ਅੰਕਾਂ ਨਾਲ ਪਹਿਲੀ ਵਾਰ 10ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸੇਰਗੀ ਕਾਰਯਾਕਿਨ 14 ਅੰਕਾਂ ਨੂੰ ਗੁਆ ਕੇ ਵਿਸ਼ਵ ਰੈਂਕਿੰਗ ਵਿਚ 4 ਸਥਾਨ ਹੇਠਾਂ 18ਵੇਂ ਸਥਾਨ ’ਤੇ ਜਾ ਪਹੁੰਚਿਆ ਹੈ।


author

Tarsem Singh

Content Editor

Related News