ਮੈਗਨਸ ਕਾਰਲਸਨ ਤੇ ਵੇਸਲੀ ਸੋ ਬਣੇ ਸਾਂਝੇ ਤੌਰ ''ਤੇ ਜੇਤੂ
Sunday, Sep 20, 2020 - 07:25 PM (IST)
ਸੇਂਟ ਲੂਈਸ (ਨਿਕਲੇਸ਼ ਜੈਨ)– ਸੇਂਟ ਲੂਈਸ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਆਖਿਰਕਾਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਵੇਸਲੀ ਸੋ ਦੇ ਨਾਂ ਸਾਂਝੇ ਤੌਰ 'ਤੇ ਰਿਹਾ ਤੇ ਦੋਵਾਂ ਖਿਡਾਰੀਆਂ ਨੂੰ 90,000 ਦੀ ਅਮਰੀਕਨ ਡਾਲਰ ਦੀ ਰਾਸ਼ੀ ਨੂੰ ਆਪਸ ਵਿਚ ਵੰਡਣਾ ਪਿਆ। ਦਰਅਸਲ ਰੈਪਿਡ ਵਿਚ ਆਖਰੀ ਰਾਊਂਡ ਵਿਚ ਕਾਰਲਸਨ ਨੂੰ ਪਿੱਛੇ ਛੱਡ ਕੇ ਵੇਸਲੀ ਸੋ ਜੇਤੂ ਬਣ ਗਿਆ ਸੀ ਤੇ ਬਲਿਟਜ਼ ਵਿਚ ਕਾਰਲਸਨ ਨੂੰ ਨਾ ਸਿਰਫ ਜਿੱਤਣਾ ਸੀ ਸਗੋਂ 1.5 ਦੀ ਬੜ੍ਹਤ ਬੇਸਲੀ 'ਤੇ ਬਣਾਉਣੀ ਸੀ ਪਰ ਅਜਿਹਾ ਨਹੀਂ ਹੋਇਆ ਤੇ ਦੋਵਾਂ ਖਿਡਾਰੀਆਂ ਦੇ ਰੈਪਿਡ ਤੇ ਬਲਿਟਜ਼ ਦੇ ਕੁਲ ਮਿਲਾ ਕੇ 24 ਅੰਕ ਰਹੇ, ਜਿਸ ਕਾਰਨ ਦੋਵੇਂ ਸਾਂਝੇ ਤੌਰ 'ਤੇ ਜੇਤੂ ਕਰਾਰ ਦਿੱਤੇ ਗਏ।
ਅਮਰੀਕਾ ਦਾ ਹਿਕਾਰੂ ਨਾਕਾਮੁਰਾ 21 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਿਹਾ ਤੇ ਉਸ ਨੂੰ 35,000 ਅਮਰੀਕਨ ਡਾਲਰ ਦੀ ਇਨਾਮੀ ਰਾਸ਼ੀ ਮਿਲੀ । 18.5 ਅੰਕਾਂ ਨਾਲ ਅਰਮੀਨੀਆ ਦਾ ਲੇਵੋਨ ਅਰੋਨੀਅਨ ਤੇ ਰੂਸ ਦਾ ਅਲੈਗਜ਼ੈਂਡਰ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਹੇ ਤੇ ਦੋਵਾਂ ਨੂੰ ਹੀ 27,000 ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਰੂਸ ਦਾ ਇਯਾਨ ਨੈਪੋਮਨਿਆਚੀ 18 ਅੰਕਾਂ ਨਾਲ ਛੇਵੇਂ ਸਥਾਨ 'ਤੇ ਰਿਹਾ ਤੇ ਉਹ 20,000 ਡਾਲਰ ਦੀ ਇਨਾਮੀ ਰਾਸ਼ੀ ਆਪਣੇ ਨਾਂ ਕਰਨ ਵਿਚ ਕਾਮਯਾਬ ਰਿਹਾ।
ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਅਮਰੀਕਾ ਦੇ ਜੇਫ੍ਰੀ ਜਿਆਂਗ ਨਾਲ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਰਿਹਾ ਤੇ ਉਨ੍ਹਾਂ ਨੂੰ 14,000 ਅਮਰੀਕਨ ਡਾਲਰ ਮਿਲੇ। ਫਿਡੇ ਦਾ ਅਲੀਰੇਜਾ ਫਿਰੌਜਾ ਤੇ ਅਮਰੀਕਾ ਦਾ ਲਿਨਿਅਰ ਦੋਮਿੰਗੇਜ 12.5 ਅੰਕਾਂ ਨਾਲ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਰਹੇ ਤੇ ਉਨ੍ਹਾਂ ਦੇ ਖਾਤੇ ਵਿਚ 11,000 ਅਮਰੀਕਨ ਡਾਲਰ ਦੀ ਇਨਾਮੀ ਰਾਸ਼ੀ ਗਈ।