ਮੈਗਨਸ ਕਾਰਲਸਨ ਤੇ ਡੇਨੀਅਲ ਡੁਬੋਵ ਦੀ ਸ਼ਾਨਦਾਰ ਜਿੱਤ

Tuesday, May 26, 2020 - 11:12 AM (IST)

ਮੈਗਨਸ ਕਾਰਲਸਨ ਤੇ ਡੇਨੀਅਲ ਡੁਬੋਵ ਦੀ ਸ਼ਾਨਦਾਰ ਜਿੱਤ

ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)– ਲਿੰਡੋਰੇਸ ਏ. ਬੀ. ਰੈਪਿਡ ਚੈਲੰਜ ਦੇ ਕੁਅਾਰਟਰ ਫਾਈਨਲ ਮੁਕਾਬਲਿਆਂ ਦੇ ਦੂਜੇ ਦਿਨ ਹੋਏ ਮਿਨੀ ਮੈਚ ਪਹਿਲੇ ਦਿਨ ਦੇ ਮੁਕਾਬਲਿਆਂ ਦੀ ਤੁਲਨਾ ਵਿਚ ਬਹੁਤ ਜਲਦੀ ਖਤਮ ਹੋ ਗਏ। ਜਿੱਥੇ ਪਹਿਲੇ ਦਿਨ ਮੁਕਾਬਲੇ ਟਾਈਬ੍ਰੇਕ ਰਾਹੀਂ ਤੈਅ ਹੋਏ ਤਾਂ ਇਸ ਵਾਰ ਸਿਰਫ ਤਿੰਨ ਮੁਕਾਬਲਿਆਂ ਵਿਚ ਹੀ ਨਤੀਜਾ ਆ ਗਿਆ। ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਰੂਸ ਦੇ ਡੇਨੀਅਲ ਡੁਬੋਵ ਨੇ ਕ੍ਰਮਵਾਰ ਅਮਰੀਕਾ ਦੇ ਵੇਸਲੀ ਸੋਅ ਤੇ ਰੂਸ ਦੇ ਸੇਰਗੀ ਕਾਰਯਾਕਿਨ ਨੂੰ ਸ਼ਾਨਦਾਰ ਤਰੀਕੇ ਨਾਲ ਹਰਾਇਆ। ਕੁਆਰਟਰ ਫਾਈਨਲ ਦੇ ਬੈਸਟ ਆਫ ਥ੍ਰੀ ਵਿਚ ਪਹਿਲੇ ਦੌਰ ਵਿਚ ਜਿੱਤ ਦਰਜ ਕਰਨ ਲਈ ਚਾਰ ਰੈਪਿਡ ਮੁਕਾਬਲਿਆਂ ਵਿਚੋਂ 2.5 ਅੰਕ ਬਣਾਉਣੇ ਹੁੰਦੇ ਹਨ।

ਸਭ ਤੋਂ ਪਹਿਲਾਂ ਕਾਰਲਸਨ ਤੇ ਵੇਸਲੀ ਸੋਅ ਵਿਚਾਲੇ ਮੁਕਾਬਲਾ ਰੋਮਾਂਚਕ ਰਿਹਾ। ਪਹਿਲੇ ਮੈਚ ਵਿਚ ਿਜੱਥੇ ਕਾਰਲਸਨ ਨੇ ਸਫੇਦ ਮੋਹਰਿਆਂ ਨਾਲ ਇਕਪਾਸੜ ਜਿੱਤ ਹਾਸਲ ਕੀਤੀ ਤਾਂ ਦੂਜੇ ਮੁਕਾਬਲੇ ਵਿਚ ਉਹ ਹਾਰੀ ਬਾਜ਼ੀ ਕਾਲੇ ਮੋਹਰਿਆਂ ਨਾਲ ਜਿੱਤਣ ਵਿਚ ਸਫਲ ਰਿਹਾ ਜਦਕਿ ਮੁਕਾਬਲਾ ਆਸਾਨੀ ਨਾਲ ਡਰਾਅ ਖੇਡ ਕੇ ਉਸ ਨੇ 3 ਮੈਚਾਂ ਵਿਚੋਂ ਹੀ 2.5 ਅੰਕ ਬਣਾ ਕੇ ਪਹਿਲਾ ਪੜਾਅ ਜਿੱਤ ਲਿਆ। ਰੂਸ ਦੇ ਡੇਨੀਅਲ ਡੁਬੋਵ ਨੇ ਅਸਲ ਵਿਚ ਬਿਹਤਰੀਨ ਸ਼ਤਰੰਜ ਖੇਡਦੇ ਹੋਏ ਤਿੰਨੇ ਮੁਕਾਬਲੇ ਜਿੱਤੇ ਤੇ ਕਾਰਯਾਕਿਨ ਵਰਗੇ ਮਜ਼ਬੂਤ ਵਿਰੋਧੀ ਨੂੰ 3-0 ਨਾਲ ਹਰਾ ਕੇ ਅੱਗੇ ਵਧ ਗਿਆ।

ਬੈਸਟ ਆਫ ਥ੍ਰੀ ਦੇ ਕੁਆਰਟਰ ਫਾਈਨਲ ਵਿਚ ਹੁਣ ਤਕ ਅਮਰੀਕਾ ਦਾ ਹਿਕਾਰੂ ਨਾਕਾਮੁਰਾ, ਚੀਨ ਦਾ ਯੂ ਯਾਂਗੀ, ਨਾਰਵੇ ਦਾ ਮੈਗਨਸ ਕਾਰਲਸਨ ਤੇ ਰੂਸ ਦਾ ਡੇਨੀਅਲ ਡੁਬੋਵ ਆਪਣਾ-ਆਪਣਾ ਪਹਿਲਾ ਪੜਾਅ ਜਿੱਤ ਕੇ 1-0 ਨਾਲ ਅੱਗੇ ਹੋ ਚੁੱਕੇ ਹਨ ਤੇ ਇਕ ਦਿਨ ਦੀ ਜਿੱਤ ਉਨ੍ਹਾਂ ਨੂੰ ਸੈਮੀਫਾਈਨਲ ਵਿਚ ਪਹੁੰਚਾ ਦੇਵੇਗੀ ਜਦਕਿ ਅਰਮੀਨੀਆ ਦੇ ਲੇਵੋਨ ਆਰੋਨੀਅਨ, ਚੀਨ ਦੇ ਡਿੰਗ ਲੀਰੇਨ, ਅਮਰੀਕਾ ਦੇ ਵੇਸਲੀ ਸੋਅ ਤੇ ਰੂਸ ਦੇ ਸੇਰਗੀ ਕਾਰਯਾਕਿਨ ਨੂੰ ਬਚੇ ਹੋਏ ਦੋਵੇਂ ਰਾਊਂਡਾਂ ਵਿਚ ਜਿੱਤ ਦਰਜ ਕਰਨੀ ਪਵੇਗੀ, ਜਿਹੜਾ ਥੋੜ੍ਹਾ ਮੁਸ਼ਕਿਲ ਨਜ਼ਰ ਆਉਂਦਾ ਹੈ।


author

Ranjit

Content Editor

Related News