ਕੁਜਨੇਤਸੋਵਾ ਨੂੰ ਹਰਾ ਕੇ ਮੈਡੀਸਨ ਕੀਜ਼ ਬਣੀ ਸਿਨਸਿਨਾਟੀ ਚੈਂਪੀਅਨ
Monday, Aug 19, 2019 - 03:00 PM (IST)

ਸਪੋਰਟਸ ਡੈਸਕ— ਮੈਡੀਸਨ ਕੀਜ਼ ਨੇ ਐਤਵਾਰ ਨੂੰ ਇੱਥੇ ਇਕ ਸੰਘਰਸ਼ਪੂਰਨ ਮੁਕਾਬਲੇ 'ਚ ਸਵੇਤਲਾਨਾ ਕੁਜਨੇਤਸੋਵਾ ਨੂੰ 7-5, 7-6 (7/5) ਨਾਲ ਹਰਾ ਕੇ ਡਬਲਿਊ. ਟੀ. ਏ. ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਸਾਲ 2017 'ਚ ਯੂ. ਐੱਸ. ਓਪਨ ਦੇ ਫਾਈਨਲ 'ਚ ਪਹੁੰਚਣ ਵਾਲੀ ਕੀਜ਼ ਨੇ ਕਰੀਅਰ ਦਾ ਇਹ ਪੰਜਵਾਂ ਅਤੇ ਇਸ ਸੈਸ਼ਨ ਦਾ ਦੂਜਾ ਖਿਤਾਬ ਜਿੱਤਿਆ। ਉਨ੍ਹਾਂ ਨੇ ਅਪ੍ਰੈਲ 'ਚ ਚਾਰਲਸਟਨ ਓਪਨ ਦਾ ਖਿਤਾਬ ਜਿੱਤਿਆ ਸੀ।
ਸੱਟ ਤੋਂ ਉਭਰਨ ਦੇ ਬਾਅਦ ਵਾਪਸੀ ਕਰ ਰਹੀ ਕੁਜਨੇਤਸੋਵਾ ਦੀ ਕੀਜ਼ ਨੇ ਦੋਵੇਂ ਸੈੱਟਾਂ 'ਚ ਦਸਵੇਂ ਗੇਮ 'ਚ ਸਰਵਿਸ ਤੋੜੀ। ਵਿੰਬਲਡਨ 'ਚ ਦੂਜੇ ਦੌਰ 'ਚ ਬਾਹਰ ਹੋਣ ਅਤੇ ਹਾਲ 'ਚ ਦੋ ਟੂਰਨਾਮੈਂਟ 'ਚ ਪਹਿਲੇ ਦੌਰ ਤੋਂ ਅੱਗੇ ਨਹੀਂ ਵਧਾਉਣ ਵਾਲੀ ਕੀਜ਼ ਨੇ ਕਿਹਾ, ''ਜੇਕਰ ਮੇਰੀ ਟੀਮ ਇਕ ਹਫਤੇ ਪਹਿਲਾਂ ਮੈਨੂੰ ਕਹਿੰਦੀ ਕਿ ਮੈਂ ਇਥੇ ਚੈਂਪੀਅਨ ਬਣਾਂਗੀ ਤਾਂ ਮੈਂ ਉਨ੍ਹਾਂ ਦਾ ਮਜ਼ਾਕ ਉਡਾ ਦਿੰਦੀ।''