ਮੈਡੀ ਦਾ ਸੈਂਕੜਾ, ਆਸਟ੍ਰੇਲੀਆ-ਏ ਮਹਿਲਾ ਟੀਮ ਨੇ ਭਾਰਤ-ਏ ਨੂੰ ਹਰਾ ਕੇ 2-0 ਦੀ ਬਣਾਈ ਅਜੇਤੂ ਬੜ੍ਹਤ
Friday, Aug 16, 2024 - 06:00 PM (IST)
ਮੈਕੇ (ਆਸਟ੍ਰੇਲੀਆ)–ਸਲਾਮੀ ਬੱਲੇਬਾਜ਼ ਮੈਡੀ ਡਾਰਕੇ ਦੇ ਅਜੇਤੂ ਸੈਂਕੜੇ ਤੇ ਸ਼ਾਨਦਾਰ ਗੇਂਦਬਾਜ਼ੀ ਕੋਸ਼ਿਸ਼ ਨਾਲ ਆਸਟ੍ਰੇਲੀਆ-ਏ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਮਹਿਲਾ ਵਨ ਡੇ ਮੈਚ ਵਿਚ ਭਾਰਤ-ਏ ’ਤੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਆਸਟ੍ਰੇਲੀਆ ਨੇ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਘਰੇਲੂ–ਏ ਟੀਮ ਨੇ ਪਹਿਲਾ ਵਨ ਡੇ 4 ਵਿਕਟਾਂ ਨਾਲ ਜਿੱਤਿਆ ਸੀ। ਭਾਰਤ-ਏ ਮਹਿਲਾ ਟੀਮ 48 ਓਵਰਾਂ ਵਿਚ 218 ਦੌੜਾਂ ’ਤੇ ਸਿਮਟ ਗਈ, ਜਿਸ ਵਿਚ ਤੇਜਲ ਹਸਾਬਨਿਸ ਨੇ 63 ਤੇ ਰਾਘਵੀ ਬਿਸ਼ਟ ਨੇ 70 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਲਈ ਮੈਡੀ ਨੇ 115 ਗੇਂਦਾਂ ਵਿਚ 7 ਚੌਕਿਆਂ ਨਾਲ 106 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਤੇ ਉਸਦੀ ਸਲਾਮੀ ਜੋੜੀਦਾਰ ਕੈਟੀ ਮੈਕ (68) ਨਾਲ ਮਿਲ ਕੇ ਪਹਿਲੀ ਵਿਕਟ ਲਈ 22.4 ਓਵਰਾਂ ਵਿਚ 131 ਦੌੜਾਂ ਦੀ ਸਾਂਝੇਦਾਰੀ ਨਿਭਾਈ। ਕਪਤਾਨ ਤਹਲਿਆ ਮੈਕਗ੍ਰਾ 32 ਦੌੜਾਂ ਬਣਾ ਕੇ ਅਜੇਤੂ ਰਹੀ, ਜਿਸ ਨਾਲ ਆਸਟ੍ਰੇਲੀਆ ਨੇ 40.2 ਓਵਰਾਂ ਵਿਚ 2 ਵਿਕਟਾਂ ’ਤੇ 221 ਦੌੜਾਂ ਬਣਾਈਆਂ।
ਕਪਤਾਨ ਤੇ ਮੈਡੀ ਨੇ ਤੀਜੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਨਿਭਾਈ। ਭਾਰਤੀ ਗੇਂਦਬਾਜ਼ ਆਸਟ੍ਰੇਲੀਆ ਦੀਆਂ ਬੱਲੇਬਾਜ਼ਾਂ ਨੂੰ ਤਾਬੜਤੋੜ ਦੌੜਾਂ ਬਣਾਉਣ ਤੋਂ ਰੋਕ ਨਹੀਂ ਸਕੇ ਜਦਕਿ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਮੈਤਲਾਨ ਬ੍ਰਾਊਨ, ਨਿਕੋਲਾ ਹੈਂਕਾਕ ਤੇ ਚਾਰਲੀ ਨਾਟ ਨੇ ਮਿਲ ਕੇ 6 ਵਿਕਟਾਂ ਲਈਆਂ। ਇਸ ਨਾਲ ਭਾਰਤੀ ਟੀਮ 2 ਓਵਰ ਪਹਿਲਾਂ ਹੀ 218 ਦੌੜਾਂ ’ਤੇ ਸਿਮਟ ਗਈ।
ਤੇਜਲ ਨੇ 86 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਪਾਰੀ ਵਿਚ 4 ਚੌਕੇ ਤੇ ਰਾਘਵੀ ਨੇ 93 ਗੇਂਦਾਂ ਵਿਚ ਚੌਕੇ ਤੇ 1 ਛੱਕਾ ਲਾਇਆ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਿਸ ਨਾਲ ਭਾਰਤ ਦਾ ਸਕੋਰ 40 ਓਵਰਾਂ ਵਿਚ 3 ਵਿਕਟਾਂ ’ਤੇ 176 ਦੌੜਾਂ ਤੇ ਪਹੁੰਚ ਗਿਆ ਪਰ ਭਾਰਤੀ ਬੱਲੇਬਾਜ਼ ਇਸਦਾ ਫਾਇਦਾ ਨਹੀਂ ਚੁੱਕ ਸਕੇ ਅਤੇ ਟੀਮ ਨੇ ਬਚੀਆਂ ਹੋਈਆਂ 7 ਵਿਕਟਾਂ ਸਿਰਫ 42 ਦੌੜਾਂ ਦੇ ਅੰਦਰ ਗੁਆ ਦਿੱਤੀਆਂ।