ICC T-20 Ranking : ਰਾਹੁਲ ਚੋਟੀ ਦੇ ਭਾਰਤੀ ਬੱਲੇਬਾਜ਼, ਕੋਹਲੀ ਵੀ ਅੱਗੇ ਵਧੇ

01/11/2020 5:06:36 PM

ਦੁਬਈ— ਭਾਰਤ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਸ਼ਨੀਵਾਰ ਨੂੰ ਜਾਰੀ ਆਈ. ਸੀ. ਸੀ. ਦੀ ਟੀ-20 ਕੌਮਾਂਤਰੀ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਬਰਕਰਾਰ ਹਨ ਜਦਕਿ ਵਿਰਾਟ ਕੋਹਲੀ ਇਕ ਸਥਾਨ ਦੇ ਫਾਇਦੇ ਨਾਲ ਨੌਵੀਂ ਪਾਇਦਾਨ 'ਤੇ ਪਹੁੰਚ ਗਏ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਖਤਮ ਹੋਣ ਦੇ ਬਾਅਦ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ। ਭਾਰਤ ਨੇ ਸੀਰੀਜ਼ 2-0 ਨਾਲ ਜਿੱਤੀ। ਰੈਂਕਿੰਗ 'ਚ ਭਾਰਤ ਦੇ ਚੋਟੀ ਦੇ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਸ਼੍ਰੀਲੰਕਾ ਖਿਲਾਫ ਦੋ ਪਾਰੀਆਂ 'ਚ 45 ਅਤੇ 54 ਦੌੜਾਂ ਬਣਾਈਆਂ ਜਿਸ ਨਾਲ ਉਨ੍ਹਾਂ ਨੂੰ 26 ਅੰਕਾ ਦਾ ਫਾਇਦਾ ਹੋਇਆ। ਉਹ ਆਸਟਰੇਲੀਆ ਦੇ ਗਲੇਨ ਮੈਕਸਵੇਲ ਤੋਂ ਸਿਰਫ 6 ਅੰਕ ਪਿੱਛੇ ਹਨ।

ਟੈਸਟ ਅਤੇ ਵਨ-ਡੇ ਕੌਮਾਂਤਰੀ ਕ੍ਰਿਕਟ ਦੇ ਚੋਟੀ ਦੇ ਬੱਲੇਬਾਜ਼ ਕੋਹਲੀ ਨੌਵੇਂ ਸਥਾਨ 'ਤੇ ਹਨ ਜਦਕਿ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਇਕ ਸਥਾਨ ਦੇ ਫਾਇਦੇ ਨਾਲ 15ਵੀਂ ਪਾਇਦਾਨ 'ਤੇ ਪਹੁੰਚ ਗਏ ਹਨ। ਮਨੀਸ਼ ਪਾਂਡੇ ਵੀ ਚਾਰ ਸਥਾਨ ਅੱਗੇ ਵਧ ਕੇ 70ਵੀਂ ਪਾਇਦਾਨ 'ਤੇ ਹਨ। ਟੀ-20 ਕੌਮਾਂਤਰੀ ਰੈਂਕਿੰਗ 'ਚ ਹੋਏ ਇਸ ਸਾਲ ਦੇ ਪਹਿਲੇ ਅਪਡੇਟ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਫਾਇਦਾ ਹੋਇਆ ਹੈ ਜਿਸ ਨਾਲ ਇਸ ਸਾਲ ਆਸਟਰੇਲੀਆ 'ਚ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦਾ ਮਨੋਬਲ ਵਧੇਗਾ।

ਸੀਰੀਜ਼ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਨਵਦੀਪ ਸੈਣੀ 146 ਸਥਾਨ ਦੀ ਲੰਬੀ ਛਾਲ ਦੇ ਨਾਲ 98ਵੀਂ ਪਾਇਦਾਨ 'ਤੇ ਪਹੁੰਚ ਗਏ ਹਨ। ਸ਼ਾਰਦੁਲ ਠਾਕੁਰ ਨੇ ਰੈਂਕਿੰਗ 'ਚ 92ਵੇਂ ਸਥਾਨ 'ਤੇ ਮੁੜ ਪ੍ਰਵੇਸ਼ ਕੀਤਾ ਹੈ। ਇਨ੍ਹਾਂ ਦੋਹਾਂ ਤੇਜ਼ ਗੇਂਦਬਾਜ਼ਾਂ ਨੇ ਪੰਜ-ਪੰਜ ਵਿਕਟਾਂ ਲਈਆਂ। ਫਿੱਟ ਹੋ ਕੇ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਠ ਸਥਾਨ ਅੱਗੇ ਵਧਕੇ 39ਵੀਂ ਪਾਇਦਾਨ 'ਤੇ ਹਨ।

ਸ਼੍ਰੀਲੰਕਾ ਲਈ ਧਨੰਜੇ ਡਿਸਿਲਵਾ ਬੱਲੇਬਾਜ਼ਾਂ ਦੀ ਰੈਂਕਿੰਗ 'ਚ 72ਵੇਂ ਸਥਾਨ ਦੇ ਫਾਇਦੇ ਨਾਲ 115ਵੀਂ ਪਾਇਦਾਨ 'ਤੇ ਹਨ। ਉਨ੍ਹਾਂ ਨੇ ਸੀਰੀਜ਼ 'ਚ 74 ਦੌੜਾਂ ਬਣਾਈਆਂ। ਸਪਿਨਰ ਲਕਸ਼ਣ ਸੰਦਾਕਨ ਸੀਰੀਜ਼ 'ਚ ਤਿੰਨ ਵਿਕਟ ਹਾਸਲ ਕਰਨ ਦੇ ਬਾਅਦ 10 ਸਥਾਨ ਦੇ ਫਾਇਦੇ ਨਾਲ 29ਵੇਂ ਸਥਾਨ 'ਤੇ ਹਨ। ਆਈ. ਸੀ. ਸੀ. ਟੀਮ ਰੈਂਕਿੰਗ 'ਚ ਭਾਰਤ ਨੂੰ ਦੋ ਅੰਕ ਦਾ ਫਾਇਦਾ ਹੋਇਆ ਹੈ ਪਰ ਟੀਮ 260 ਅੰਕ ਦੇ ਨਾਲ ਪੰਜਵੇਂ ਸਥਾਨ 'ਤੇ ਬਰਕਰਾਰ ਹੈ। ਸ਼੍ਰੀਲੰਕਾ ਨੂੰ ਦੋ ਅੰਕ ਦਾ ਨੁਕਸਾਨ ਹੋਇਆ ਹੈ ਅਤੇ ਟੀਮ ਦੇ ਹੁਣ ਅਫਗਾਨਿਸਤਾਨ ਦੇ ਬਰਾਬਰ 236 ਅੰਕ ਹਨ।


Tarsem Singh

Content Editor

Related News