ਲਿਵਰਪੂਲ ਜਿੱਤਿਆ, ਆਰਸਨੈੱਲ ਪ੍ਰੀਮੀਅਰ ਲੀਗ ਦੇ ਖਿਤਾਬ ਦੀ ਦੌੜ ’ਚ ਪਿਛੜਿਆ
Monday, Jan 20, 2025 - 11:46 AM (IST)
ਲੰਡਨ– ਡਾਰਵਿਨ ਨੂਨੇਜ਼ ਦੇ ਇੰਜਰੀ ਟਾਈਮ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਲਿਵਰਪੂਲ ਨੇ ਬ੍ਰੇਂਟਫੋਰਡ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਟੂਰਨਾਮੈਂਟ ਵਿਚ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਜਦਕਿ ਆਰਸਨੈੱਲ ਨੇ 2 ਗੋਲਾਂ ਦੀ ਬੜ੍ਹਤ ਬਣਾਉਣ ਦੇ ਬਾਵਜੂਦ ਐਸਟਨ ਵਿਲਾ ਨਾਲ ਡਰਾਅ ਖੇਡਿਆ, ਜਿਸ ਨਾਲ ਉਹ ਖਿਤਾਬ ਦੀ ਦੌੜ ਵਿਚ ਪਿਛੜ ਗਿਆ।
ਲਿਵਰਪੂਲ ਇਕ ਸਮੇਂ ਲਗਾਤਾਰ ਤੀਜਾ ਮੈਚ ਡਰਾਅ ਖੇਡਣ ਵੱਲ ਵੱਧ ਰਿਹਾ ਸੀ ਪਰ ਉਰੂਗਵੇ ਦੇ ਸਟ੍ਰਾਈਕਰ ਨੂਨੇਜ਼ ਨੇ ਵਾਧੂ ਸਮੇਂ ਦੇ ਪਹਿਲੇ ਤੇ ਤੀਜੇ ਮਿੰਟ ਵਿਚ ਗੋਲ ਕਰਕੇ ਉਸਦੀ ਜਿੱਤ ਤੈਅ ਕੀਤੀ।
ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਮੌਜੂਦ ਆਰਸਨੈੱਲ ਨੇ ਵਿਲਾ ਵਿਰੁੱਧ ਗੈਬ੍ਰੀਏਲ ਮਾਰਟਿਨੇਲੀ ਤੇ ਕਾਈ ਹੈਵੀਟਰਜ਼ ਦੇ ਗੋਲ ਦੀ ਮਦਦ ਨਾਲ 2-0 ਦੀ ਬੜ੍ਹਤ ਹਾਸਲ ਕਰ ਲਈ ਸੀ ਪਰ ਆਖਿਰ ਵਿਚ ਇਹ ਮੈਚ 2-2 ਨਾਲ ਬਰਾਬਰੀ ’ਤੇ ਖਤਮ ਹੋਇਆ। ਓਲੀ ਵਾਟਕਿੰਸ ਨੇ ਵਿਲਾ ਲਈ ਬਰਾਬਰੀ ਦਾ ਗੋਲ ਕੀਤਾ। ਲਿਵਰਪੂਲ ਦੇ ਇਸ ਜਿੱਤ ਨਾਲ 22 ਮੈਚਾਂ ਵਿਚੋਂ 50 ਅੰਕ ਹੋ ਗਏ ਹਨ ਤੇ ਉਸ ਨੇ ਆਰਸਨੈੱਲ ’ਤੇ 6 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਆਰਸਨੈੱਲ ਦੇ 22 ਮੈਚਾਂ ਵਿਚੋਂ 44 ਅੰਕ ਹਨ।