ਮੂਲਰ ’ਤੇ ਭਾਰੀ ਪਿਆ ਮੈਸੀ, ਇੰਟਰ ਮਿਆਮੀ ਨੂੰ ਪਹਿਲਾ ਮੇਜਰ ਲੀਗ ਸਾਕਰ ਖਿਤਾਬ ਦਿਵਾਇਆ

Monday, Dec 08, 2025 - 03:12 PM (IST)

ਮੂਲਰ ’ਤੇ ਭਾਰੀ ਪਿਆ ਮੈਸੀ, ਇੰਟਰ ਮਿਆਮੀ ਨੂੰ ਪਹਿਲਾ ਮੇਜਰ ਲੀਗ ਸਾਕਰ ਖਿਤਾਬ ਦਿਵਾਇਆ

ਫੋਰਟ ਲਾਡਰਡੇਲ– ਥਾਮਸ ਮੂਲਰ ਨੇ ਲਿਓਨਿਲ ਮੈਸੀ ਦੇ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਵਿਰੋਧਤਾ ਵਿਚ ਅਕਸਰ ਬਾਜ਼ੀ ਮਾਰੀ ਹੈ ਪਰ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਕੱਪ ਫੁੱਟਬਾਲ ਪ੍ਰਤੀਯੋਗਿਤਾ ਦੇ ਖੇਡੇ ਗਏ ਫਾਈਨਲ ਵਿਚ ਅਰਜਨਟੀਨਾ ਦੇ ਸਟਾਰ ਦੀ ਤੂਤੀ ਬੋਲੀ।

ਮੂਲਰ ਤੇ ਮੈਸੀ ਵਿਚਾਲੇ ਹੋਏ 10 ਮੁਕਾਬਲਿਆਂ ਵਿਚੋਂ ਜਰਮਨੀ ਦੇ ਸਟਾਰ ਨੇ 7 ਵਿਚ ਜਿੱਤ ਹਾਸਲ ਕੀਤੀ ਹੈ। ਮੂਲਰ ਦੀ ਮੌਜੂਦਗੀ ਵਿਚ ਜਰਮਨੀ ਟੀਮ ਨੇ ਵਿਸ਼ਵ ਕੱਪ ਵਿਚ ਦੋ ਵਾਰ ਮੈਸੀ ਤੇ ਅਰਜਨਟੀਨਾ ਨੂੰ ਬਾਹਰ ਕੀਤਾ ਹੈ ਪਰ ਅਰਜਨਟੀਨਾ ਦੇ ਸੁਪਰ ਸਟਾਰ ਨੇ ਇੰਟਰ ਮਿਆਮੀ ਨੂੰ ਇੱਥੇ ਐੱਮ. ਐੱਲ. ਐੱਸ. ਕੱਪ ਫਾਈਨਲ ਵਿਚ ਮੂਲਰ ਦੀ ਵੈਨਕੂਵਰ ਵ੍ਹਾਈਟਕੈਪਸ ’ਤੇ 3-1 ਨਾਲ ਜਿੱਤ ਦਿਵਾਈ। ਇਸ ਤਰ੍ਹਾਂ ਨਾਲ ਮੈਸੀ ਨੇ ਆਪਣੇ ਕਰੀਅਰ ਦੀ 47ਵੀਂ ਟਰਾਫੀ ਦੇ ਨਾਲ ਆਪਣੇ ਤੀਜੇ ਮੇਜਰ ਲੀਗ ਸਾਕਰ ਸੈਸ਼ਨ ਦੀ ਸਮਾਪਤੀ ਕੀਤੀ।

ਮੈਸੀ ਨੇ ਮੈਚ ਤੋਂ ਬਾਅਦ ਕਿਹਾ, ‘‘ਤਿੰਨ ਸਾਲ ਪਹਿਲਾਂ ਮੈਂ ਐੱਮ. ਐੱਲ. ਐੱਸ. ਵਿਚ ਆਉਣ ਦਾ ਫੈਸਲਾ ਕੀਤਾ ਤੇ ਅੱਜ ਅਸੀਂ ਐੱਮ. ਐੱਲ. ਐੱਸ. ਚੈਂਪੀਅਨ ਹਾਂ। ਪਿਛਲੇ ਸਾਲ ਅਸੀਂ ਲੀਗ ਵਿਚੋਂ ਜਲਦੀ ਬਾਹਰ ਹੋ ਗਏ ਸੀ ਪਰ ਇਸ ਸਾਲ ਐੱਮ. ਐੱਲ. ਐੱਸ. ਜਿੱਤਣਾ ਸਾਡਾ ਮੁੱਖ ਟੀਚਾ ਸੀ।’’

ਮੈਸੀ ਨੇ 72ਵੇਂ ਮਿੰਟ ਵਿਚ ਰੋਡ੍ਰਿਗੋ ਡੀ ਪਾਲ ਨੂੰ ਗੇਂਦ ਦੇ ਕੇ ਗੋਲ ਕਰਨ ਵਿਚ ਮਦਦ ਕੀਤੀ। ਇਸ ਤੋਂ ਬਾਅਦ ਉਸ ਨੇ ਸਟਾਪੇਜ ਟਾਈਮ ਵਿਚ ਇਕ ਹੋਰ ਗੋਲ ਕਰਨ ਵਿਚ ਯੋਗਦਾਨ ਦੇ ਕੇ ਇੰਟਰ ਮਿਆਮੀ ਨੂੰ ਫ੍ਰੈਂਚਾਈਜ਼ੀ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨਸ਼ਿਪ ਦਿਵਾਈ। ਮੈਸੀ ਤੇ ਮੂਲਰ ਦੋਵੇਂ ਹੀ ਵਿਸ਼ਵ ਕੱਪ ਤੇ ਚੈਂਪੀਅਨਜ਼ ਲੀਗ ਜੇਤੂ ਹਨ। ਦੋਵੇਂ ਕਲੱਬ ਵਿਸ਼ਵ ਕੱਪ ਜੇਤੂ ਵੀ ਹਨ।


author

Tarsem Singh

Content Editor

Related News