ਕੋਲਕਾਤਾ ਸਟੇਡੀਅਮ 'ਚ ਹੰਗਾਮੇ ਮਗਰੋਂ ਮਮਤਾ ਨੇ ਮੈਸੀ ਤੇ ਫੈਨਜ਼ ਤੋਂ ਮੰਗੀ ਮਾਫੀ, ਉੱਚ-ਪੱਧਰੀ ਜਾਂਚ ਦੇ ਹੁਕਮ
Saturday, Dec 13, 2025 - 01:57 PM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਫੁੱਟਬਾਲ ਆਈਕਨ ਲਿਓਨਲ ਮੈਸੀ ਨਾਲ ਜੁੜੇ ਇੱਕ ਸਮਾਗਮ ਦੌਰਾਨ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਹੋਏ ਪ੍ਰਬੰਧਕੀ ਕੁਤਾਹੀ ਅਤੇ ਹਫੜਾ-ਦਫੜੀ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਤੇ ਅਰਜਨਟੀਨਾ ਦੇ ਸਟਾਰ ਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ "ਬਹੁਤ ਪਰੇਸ਼ਾਨ ਅਤੇ ਹੈਰਾਨ" ਹਨ। ਇੱਕ ਪੋਸਟ ਰਾਹੀਂ ਬੈਨਰਜੀ ਨੇ ਕਿਹਾ, "ਮੈਂ ਲਿਓਨਲ ਮੈਸੀ ਦੇ ਨਾਲ-ਨਾਲ ਸਾਰੇ ਖੇਡ ਪ੍ਰੇਮੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਇਸ ਮੰਦਭਾਗੀ ਘਟਨਾ ਲਈ ਦਿਲੋਂ ਮਾਫੀ ਮੰਗਦੀ ਹਾਂ"। ਉਨ੍ਹਾਂ ਨੇ ਦੱਸਿਆ ਕਿ ਜਦੋਂ ਗੜਬੜੀ ਦੀਆਂ ਖਬਰਾਂ ਆਈਆਂ, ਉਹ ਹਜ਼ਾਰਾਂ ਫੁੱਟਬਾਲ ਪ੍ਰੇਮੀਆਂ ਨਾਲ ਵਿਵੇਕਾਨੰਦ ਯੁਵਭਾਰਤੀ ਕ੍ਰੀਰੰਗਨ ਵੱਲ ਜਾ ਰਹੇ ਸਨ।
ਕਿਉਂ ਹੋਇਆ ਵਿਵਾਦ?
ਇਹ ਹਫੜਾ-ਦਫੜੀ ਉਦੋਂ ਸ਼ੁਰੂ ਹੋਈ ਜਦੋਂ ਹਜ਼ਾਰਾਂ ਪ੍ਰਸ਼ੰਸਕ, ਜਿਨ੍ਹਾਂ ਨੇ ਪ੍ਰੀਮੀਅਮ ਟਿਕਟਾਂ ਲਈ ਪੈਸੇ ਦਿੱਤੇ ਸਨ, ਜੋ ਨਿਰਾਸ਼ ਹੋ ਗਏ। ਦਰਅਸਲ ਮੈਸੀ 10 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਮੈਦਾਨ ਛੱਡ ਕੇ ਚਲੇ ਗਏ ਸਨ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਸ਼ੰਸਕਾਂ ਨੇ ਬੋਤਲਾਂ ਸੁੱਟੀਆਂ ਤੇ ਸਟੇਡੀਅਮ ਵਿੱਚ ਲੱਗੇ ਹੋਰਡਿੰਗਜ਼ ਨੂੰ ਵੀ ਨੁਕਸਾਨ ਪਹੁੰਚਾਇਆ।
ਜਾਂਚ ਲਈ ਕਮੇਟੀ ਗਠਿਤ:
ਮਮਤਾ ਬੈਨਰਜੀ ਨੇ ਇਸ ਮਾੜੇ ਪ੍ਰਬੰਧਨ ਦੀ ਜਾਂਚ ਲਈ ਇੱਕ ਉੱਚ-ਪੱਧਰੀ ਜਾਂਚ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਮੇਟੀ ਦੀ ਅਗਵਾਈ ਕਲਕੱਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਸ਼ੀਮ ਕੁਮਾਰ ਰੇ ਕਰਨਗੇ। ਇਸ ਕਮੇਟੀ ਵਿੱਚ ਸੂਬੇ ਦੇ ਮੁੱਖ ਸਕੱਤਰ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ ਅਤੇ ਪਹਾੜੀ ਮਾਮਲੇ) ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕਮੇਟੀ ਨੂੰ ਇਸ ਘਟਨਾ ਦੀ ਵਿਸਤ੍ਰਿਤ ਜਾਂਚ ਕਰਨ, ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਧਾਰਾਤਮਕ ਉਪਾਅ ਸੁਝਾਉਣ ਦਾ ਕੰਮ ਸੌਂਪਿਆ ਗਿਆ ਹੈ।
