ਲਿਰੇਨ ਨੇ ਗੁਕੇਸ਼ ਨੂੰ ਹਰਾ ਕੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚ ਕੀਤੀ ਵਾਪਸੀ
Tuesday, Dec 10, 2024 - 12:04 PM (IST)
ਸਿੰਗਾਪੁਰ– ਭਾਰਤੀ ਚੈਲੰਜਰ ਡੀ. ਗੁਕੇਸ਼ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 12ਵੀਂ ਬਾਜ਼ੀ ਵਿਚ ਸੋਮਵਾਰ ਨੂੰ ਇੱਥੇ ਸਾਬਕਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਹੱਥੋਂ ਹਾਰ ਗਿਆ, ਜਿਸ ਨਾਲ ਦੋਵਾਂ ਦਾ ਸਕੋਰ 6-6 ਅੰਕਾਂ ਨਾਲ ਬਰਾਬਰ ਹੋ ਗਿਆ। ਲਗਾਤਾਰ 7 ਡਰਾਅ ਮੁਕਾਬਲਿਆਂ ਤੋਂ ਬਾਅਦ 18 ਸਾਲਾ ਗੁਕੇਸ਼ ਨੇ ਐਤਵਾਰ ਨੂੰ 11ਵੀਂ ਬਾਜ਼ੀ ਵਿਚ ਜਿੱਤ ਦੇ ਨਾਲ ਚੀਨ ਦੇ ਖਿਡਾਰੀ ’ਤੇ ਇਕ ਦੀ ਬੜ੍ਹਤ ਕਾਇਮ ਕੀਤੀ ਸੀ ਪਰ 32 ਸਾਲਾ ਲਿਰੇਨ ਨੇ ਅਗਲੀ ਹੀ ਬਾਜ਼ੀ ਵਿਚ ਮੁਕਾਬਲਾ ਬਰਾਬਰ ਕਰ ਦਿੱਤਾ।
‘ਕਲਾਸੀਕਲ’ ਰੂਪ ਦੀਆਂ 14 ਵਿਚੋਂ 12 ਬਾਜ਼ੀਆਂ ਤੋਂ ਬਾਅਦ ਦੋਵੇਂ ਖਿਡਾਰੀ ਖਿਤਾਬ ਤੋਂ 1.5 ਅੰਕ ਦੂਰ ਹਨ। 14 ਬਾਜ਼ੀਆਂ ਤੋਂ ਬਾਅਦ ਵੀ ਜੇਕਰ ਨਤੀਜਾ ਬਰਾਬਰੀ ’ਤੇ ਰਿਹਾ ਤਾਂ ਜੇਤੂ ਦਾ ਫੈਸਲਾ ‘ਫਾਸਟਰ ਟਾਈਮ ਕੰਟਰੋਲ’ ਨਾਲ ਹੋਵੇਗਾ। ਲਿਰੇਨ ਨੇ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤੀ ਬਾਜ਼ੀ ਨੂੰ ਆਪਣੇ ਨਾਂ ਕੀਤਾ ਸੀ ਜਦਕਿ ਗੁਕੇਸ਼ ਤੀਜੀ ਬਾਜ਼ੀ ਦਾ ਜੇਤੂ ਬਣਿਆ ਸੀ। ਇਸ ਤੋਂ ਬਾਅਦ 8 ਮੁਕਾਬਲੇ ਬਰਾਬਰੀ ’ਤੇ ਛੁੱਟੇ ਸਨ।