ਪੀ. ਐੱਸ. ਜੀ. ਨੂੰ ਇਕ ਅੰਕ ਨਾਲ ਪਿੱਛੇ ਛੱਡ ਕੇ ਲਿਲੀ ਬਣਿਆ ਫ਼੍ਰਾਂਸੀਸੀ ਚੈਂਪੀਅਨ
Monday, May 24, 2021 - 08:28 PM (IST)
ਮੋਨਾਕੋ— ਲਿਲੀ ਨੇ ਕੁਝ ਉਲਟ ਹਾਲਾਤ ਦੇ ਬਾਵਜੂਦ ਪਿਛਲੇ ਚੈਂਪੀਅਨ ਪੇਰਿਸ ਸੇਂਟ ਜਰਮੇਨ (ਪੀ. ਐੱਸ. ਜੀ.) ਨੂੰ ਇਕ ਅੰਕ ਤੋਂ ਪਿੱਛੇ ਛੱਡ ਕੇ ਫ਼੍ਰਾਂਸੀਸੀ ਫ਼ੁੱਟਬਾਲ ਲੀਗ ’ਚ ਪਿਛਲੇ 10 ਸਾਲਾਂ ’ਚ ਆਪਣਾ ਪਹਿਲਾ ਖ਼ਿਤਾਬ ਜਿੱਤਿਆ। ਪਿਛਲੇ ਕੁਝ ਸਾਲਾਂ ’ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਜਦੋਂ ਫ਼੍ਰਾਂਸੀਸੀ ਖ਼ਿਤਾਬ ਲਈ ਆਖ਼ਰੀ ਮੈਚ ਤਕ ਸਖ਼ਤ ਮੁਕਾਬਲਾ ਹੋਇਆ। ਪੀ. ਐੱਸ. ਜੀ. ਨੂੰ ਆਪਣੇ ਖ਼ਿਤਾਬ ਦੇ ਬਚਾਅ ਦੀ ਉਮੀਦ ਸੀ ਪਰ ਲਿਲੀ ਨੇ ਐਤਵਾਰ ਨੂੰ ਐਂਜਰਸ ਨੂੰ 2-1 ਨਾਲ ਹਰਾ ਕੇ ਉਸ ਦਾ ਸੁਫ਼ਨਾ ਤੋੜ ਦਿੱਤਾ।
ਪੀ. ਐੱਸ. ਜੀ. ਨੇ ਇਕ ਹੋਰ ਮੈਚ ’ਚ ਬ੍ਰੇਸਟ ਨੂੰ 2-0 ਨਾਲ ਹਰਾਇਆ ਸੀ। ਇਸ ਜਿੱਤ ਨਾਲ ਲਿਲੀ ਨੇ ਆਪਣਾ ਚੌਥਾ ਖ਼ਿਤਾਬ ਜਿੱਤਿਆ ਤੇ ਪੀ. ਐੱਸ. ਜੀ. ਨੂੰ 10ਵਾਂ ਖ਼ਿਤਾਬ ਜਿੱਤਣ ਤੋਂ ਰੋਕਿਆ। ਪੀ. ਐੱਸ. ਜੀ. ਖ਼ਿਤਾਬ ਜਿੱਤਣ ’ਤੇ ਮਾਰੇਸਲੀ ਤੇ ਸੇਂਟ ਐਟਿਨੀ ਦੇ ਰਿਕਾਰਡ ਦੀ ਬਰਬਾਰੀ ਕਰ ਲੈਂਦਾ। ਨੇਮਾਰ ਪੈਨਲਟੀ ਤੋਂ ਖੁੰਝੇ ਗਏ ਪਰ ਕਾਈਲੀਆਨ ਐਮਬਾਪੇ ਨੇ ਲੀਗ ਦਾ 27ਵਾਂ ਗੋਲ ਦਾਗ਼ਿਆ। ਉਨ੍ਹਾਂ ਨੂੁੰ ਲੀਗ ਦਾ ਸਰਵਸ੍ਰੇਸ਼ਠ ਖਿਡਾਰੀ ਜਦਕਿ ਲਿਲੀ ਦੇ ਕ੍ਰਿਸਟੋਫ਼ ਗੈਲਟੀਅਰ ਨੂੰ ਤੀਜੀ ਵਾਰ ਸਰਵਸ੍ਰੇਸ਼ਠ ਕੋਚ ਚੁਣਿਆ ਗਿਆ। ਕੈਨੇਡਾ ਦੇ ਫ਼ਾਰਵਰਡ ਜੋਨਾਥਨ ਡੇਵਿਡ ਨੇ ਲਿਲੀ ਵੱਲੋਂ ਪਹਿਲਾ ਗੋਲ ਕੀਤਾ ਤੇ ਫਿਰ ਪੈਨਲਟੀ ਹਾਸਲ ਕੀਤੀ ਜਿਸ ਨੂੰ ਤੁਰਕੀ ਦੇ ਬੁਰਾਕ ਇਲਮਾਜ ਨੇ ਗੋਲ ’ਚ ਬਦਲਿਆ। ਲਿਲੀ ਨੇ ਆਪਣੀ ਖ਼ਿਤਾਬੀ ਮੁਹਿੰਮ ’ਚ ਸਿਰਫ਼ ਤਿੰਨ ਮੈਚ ਗੁਆਏ ਜਦਕਿ ਪੀ. ਐੱਸ. ਜੀ. ਨੂੰ ਅੱਠ ਮੈਚਾਂ ’ਚ ਹਾਰ ਮਿਲੀ ਸੀ।