90 ਮੀਟਰ ਦੀ ਦੂਰੀ ਹਾਸਲ ਕਰਨਾ ‘ਉੱਪਰ ਵਾਲੇ’ ’ਤੇ ਛੱਡ ਦਿੱਤੈ : ਨੀਰਜ ਚੋਪੜਾ
Sunday, Aug 18, 2024 - 12:33 PM (IST)
ਨਵੀਂ ਦਿੱਲੀ– ਪੈਰਿਸ ਖੇਡਾਂ ਵਿਚ 90 ਮੀਟਰ ਦੇ ਆਪਣੇ ਟੀਚੇ ਤੋਂ ਮਾਮੂਲੀ ਫਰਕ ਨਾਲ ਖੁੰਝਣ ਤੋਂ ਬਾਅਦ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਕਿਹਾ ਕਿ ਉਸ ਨੇ ਇਸ ਟੀਚੇ ਨੂੰ ਹੁਣ ਪ੍ਰਮਾਤਮਾ ਦੇ ਭਰੋਸੇ ਛੱਡ ਦਿੱਤਾ ਹੈ। ਨੀਰਜ ਨੇ ਪੈਰਿਸ ਓਲੰਪਿਕ ਵਿਚ 89.45 ਮੀਟਰ ਦੀ ਥ੍ਰੋਅ ਦੇ ਨਾਲ ਚਾਂਦੀ ਤਮਗਾ ਜਿੱਤਿਆ ਹੈ। ਪੈਰਿਸ ਓਲੰਪਿਕ ਵਿਚ ਉਸਦੀਆਂ 6 ਕੋਸ਼ਿਸ਼ਾਂ ਵਿਚੋਂ ਸਿਰਫ ਇਹ ਹੀ ਇਕਲੌਤੀ ਜਾਇਜ਼ ਕੋਸ਼ਿਸ਼ ਸੀ। ਲਗਾਤਾਰ ਦੋ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣਾ ਕਿਸੇ ਭਾਰਤੀ ਐਥਲੀਟ ਲਈ ਇਕ ਵੱਡੀ ਉਪਲਬੱਧੀ ਹੈ ਪਰ ਨੀਰਜ ਲਗਾਤਾਰ ਦੋ ਸੋਨ ਤਮਗੇ ਜਿੱਤਣ ਤੋਂ ਖੁੰਝ ਗਿਆ। ਉਸਦੀ ਕੋਸ਼ਿਸ਼ ਪਾਕਿਸਤਾਨ ਦੇ ਅਰਸ਼ਦ ਨਦੀਮ ਦੀ ਓਲੰਪਿਕ ਰਿਕਾਰਡ ਕੋਸ਼ਿਸ਼ ਤੋਂ 92.97 ਮੀਟਰ ਤੋਂ ਕਾਫੀ ਘੱਟ ਸੀ। ਨਦੀਮ ਇਸ ਦੌਰਾਨ ਵਿਅਕਤੀਗਤ ਖੇਡਾਂ ਵਿਚ ਪਾਕਿਸਤਾਨ ਲਈ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ। ਨੀਰਜ ਨੇ ਨੇੜਲੇ ਭਵਿੱਖ ਵਿਚ ਆਪਣੇ 90 ਮੀਟਰ ਦੇ ਟੀਚੇ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਕਿਹਾ,‘‘ਹੁਣ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਟੀਚੇ ਨੂੰ ‘ਉੱਪਰ ਵਾਲੇ’ ’ਤੇ ਛੱਡਣਾ ਪਵੇਗਾ।
ਉਸ ਨੇ ਕਿਹਾ, ‘‘ਮੈਂ ਸਿਰਫ ਚੰਗੀ ਤਰ੍ਹਾਂ ਨਾਲ ਤਿਆਰੀ ਕਰਨਾ ਚਾਹੁੰਦਾ ਹਾਂ ਤੇ ਦੇਖਣਾ ਚਾਹੁੰਦਾ ਹਾਂ ਕਿ ਜੈਵਲਿਨ ਕਿੱਥੇ ਜਾਂਦੀ ਹੈ। 90 ਮੀਟਰ ਦੇ ਬਾਰੇ ਵਿਚ ਪਹਿਲਾਂ ਹੀ ਗੱਲ ਹੋ ਚੁੱਕੀ ਹੈ, ਹੁਣ ਮੈਨੂੰ ਲੱਗਦਾ ਹੈ ਕਿ ਇਸ ਨੂੰ ਰਹਿਣ ਦਿਓ। ਪੈਰਿਸ ਵਿਚ ਮੈਨੂੰ ਲੱਗਾ ਸੀ ਕਿ ਇਹ ਹੋਵੇਗਾ ਤੇ ਇਹ ਹੋ ਸਕਦਾ ਸੀ।’’ ਉਸ ਨੇ ਕਿਹਾ, ‘‘ਹੁਣ ਮੈਂ ਅਗਲੀਆਂ ਦੋ ਜਾਂ ਤਿੰਨ ਪ੍ਰਤੀਯੋਗਿਤਾਵਾਂ ਵਿਚ ਆਪਣਾ 100 ਫੀਸਦੀ ਦੇਵਾਂਗਾ ਤੇ ਦੇਖਾਂਗਾ ਕਿ ਕੀ ਹੁੰਦਾ ਹੈ। ਇਸ ਦੌਰਾਨ ਮੈਂ ਆਪਣੀਆਂ ਖਾਮੀਆਂ ਨੂੰ ਸੁਧਾਰਨ ’ਤੇ ਫੋਕਸ ਕਰਾਂਗਾ।’’
ਨੀਰਜ ਲੰਬੇ ਸਮੇਂ ਤੋਂ ਕਮਰ ਵਿਚ ਸੱਟ ਤੋਂ ਪ੍ਰੇਸ਼ਾਨ ਹੈ ਪਰ ਉਹ ਆਪਣੀ ਖੇਡ ਨੂੰ ਜਾਰੀ ਰੱਖਦੇ ਹੋਏ ਡਾਇਮੰਡ ਲੀਗ ਮੀਟ ਵਿਚ ਹਿੱਸਾ ਲਵੇਗਾ। ਉਹ 22 ਅਗਸਤ ਨੂੰ ਹੋਣ ਵਾਲੀ ਡਾਇਮੰਡ ਲੀਗ ਵਿਚ ਮੁਕਾਬਲੇਬਾਜ਼ੀ ਕਰੇਗਾ ਤੇ ਫਿਰ ਬ੍ਰਸੇਲਸ ਵਿਚ 13-14 ਸਤੰਬਰ ਨੂੰ ਡਾਇਮੰਡ ਲੀਗ ਫਾਈਨਲ ਵਿਚ ਹਿੱਸਾ ਲੈਣ ਤੋਂ ਬਾਅਦ ਡਾਕਟਰਾਂ ਨਾਲ ਵਿਚਾਰ ਚਰਚਾ ਕਰੇਗਾ। 8 ਅਗਸਤ ਨੂੰ ਓਲੰਪਿਕ ਫਾਈਨਲ ਤੋਂ ਬਾਅਦ ਕੁਝ ਦਿਨਾਂ ਦੇ ਰੁਝੇਵੇਂ ਤੋਂ ਬਾਅਦ ਨੀਰਜ ਨੇ ਸਵਿਟਜ਼ਰਲੈਂਡ ਵਿਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਤੇ ਸੱਟ ਦੇ ਬਾਵਜੂਦ ਸੈਸ਼ਨ ਨੂੰ ਸ਼ਾਨਦਾਰ ਢੰਗ ਨਾਲ ਖਤਮ ਕਰਨ ਲਈ ਪ੍ਰਤੀਬੱਧ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਖੇਡ ਵਿਚ ਥੋੜ੍ਹਾ ਤਕਨੀਕੀ ਬਦਲਾਅ ਕਰਨ ਦੀ ਲੋੜ ਹੈ। ਇਸ 26 ਸਾਲਾ ਖਿਡਾਰੀ ਨੇ ਕਿਹਾ,‘‘ਜਦੋਂ ਮੈਂ ਜੈਵਲਿਨ ਨਾਲ ਦੌੜਦਾ ਹਾਂ ਤਾਂ ਕ੍ਰਾਸ ਸਟੈੱਪ ਲੈਣ ’ਤੇ ਕਮਰ ’ਤੇ ਵੀ ਕਾਫੀ ਦਬਾਅ ਪੈਂਦਾ ਹੈ ਪਰ ਅਜੇ ਮੈਂ ਆਪਣੀ ਤਕਨੀਕ ਵਿਚ ਬਦਲਾਅ ਨਹੀਂ ਕਰ ਪਾ ਰਿਹਾ ਹਾਂ। ਇਸ ਤੋਂ ਇਲਾਵਾ ਮੇਰੀ ਜੈਵਲਿਨ ਦੀ ਲਾਈਨ ਵੀ ਸਹੀ ਨਹੀਂ ਸੀ।’’
ਉਸ ਨੇ ਕਿਹਾ,‘‘ਪੈਰਿਸ ਵਿਚ ਅਰਾਕ ਸਪੀਡ ਚੰਗੀ ਸੀ ਪਰ ਲਾਈਨ ਸਹੀ ਨਹੀਂ ਹੋ ਪਾ ਰਹੀ ਸੀ, ਜੇਕਰ ਇਹ ਸਿੱਧੀ ਹੁੰਦੀ ਤਾਂ ਮੈਂ ਇਸ ਤੋਂ 2-3 ਮੀਟਰ ਦੂਰ ਨਿਕਲ ਸਕਦਾ ਸੀ। ਮੈਂ ਇਕ ਵਾਰ ਵੀ ਨਹੀਂ ਸੋਚਿਆ ਕਿ ਸ਼ਰਦ ਦੀ ਥ੍ਰੋਅ ਤੋਂ ਬਿਹਤਰ ਨਹੀਂ ਕੀਤੀ ਜਾ ਸਕਦੀ। ਮੇਰਾ ਦਿਮਾਗ ਤਿਆਰ ਸੀ ਪਰ ਸਰੀਰ ਸਾਥ ਨਹੀਂ ਦੇ ਪਾ ਰਿਹਾ ਸੀ।’’
ਬ੍ਰਸੇਲਸ ਵਿਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਚੋਪੜਾ ਨੂੰ ਡਾਇਮੰਡ ਲੀਗ ਮੀਟ ਸੀਰੀਜ਼ ਦੇ ਟਾਪ-6 ਵਿਚ ਰਹਿਣਾ ਪਵੇਗਾ। ਉਸ ਨੇ ਕਿਹਾ,‘‘ਮੈਂ ਡਾਇਮੰਡ ਲੀਗ ਤੋਂ ਪਹਿਲਾਂ ਟ੍ਰੇਨਿੰਗ ਲਈ ਸਵਿਟਜ਼ਰਲੈਂਡ ਆਇਆ ਸੀ। ਖੁਸ਼ਕਿਸਮਤੀ ਨਾਲ ਮੇਰੀ ਸੱਟ ਨਹੀਂ ਵਧੀ ਕਿਉਂਕਿ ਮੈਂ ਇਸਦਾ ਵਾਧੂ ਖਿਆਲ ਰੱਖਿਆ। ਮੈਂ ਹੋਰਨਾਂ ਐਥਲੀਟਾਂ ਦੀ ਤਰ੍ਹਾਂ ਆਪਣਾ ਸੈਸ਼ਨ ਜਾਰੀ ਰੱਖਣ ਦੇ ਬਾਰੇ ਵਿਚ ਸੋਚ ਰਿਹਾ ਹਾਂ। ਸੈਸ਼ਨ ਖਤਮ ਹੋਣ ਵਿਚ ਇਕ ਮਹੀਨਾ ਬਾਕੀ ਹੈ। ਮੈਂ ਇਸ ਵਿਚਾਲੇ ਡਾਕਟਰਾਂ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗਾ।’’
ਭਾਰਤ ਪੈਰਿਸ ਤਮਗਾ ਅੰਕ ਸੂਚੀ ਵਿਚ 5 ਕਾਂਸੀ ਤੇ ਨੀਰਜ ਦੇ ਚਾਂਦੀ ਤਮਗੇ ਨਾਲ ਬੇਹੱਦ ਖਰਾਬ 71ਵੇਂ ਸਥਾਨ ’ਤੇ ਰਿਹਾ। ਇਹ ਪੁੱਛੇ ਜਾਣ ’ਤੇ ਕਿ ਭਾਰਤ ਨੂੰ ਇਕ ਖੇਡ ਸ਼ਕਤੀ ਬਣਨ ਲਈ ਕੀ ਕਰਨਾ ਚਾਹੀਦਾ ਹੈ, ਨੀਰਜ ਨੇ ਕਿਹਾ, ‘‘ਵਿਦੇਸ਼ਾਂ ਵਿਚ ਪ੍ਰਤਿਭਾਵਾਂ ਦੀ ਖੋਜ ਕਰਨ ਵਾਲੇ ਜ਼ਿਆਦਾ ਲੋਕ ਹਨ। ਉਦਾਹਰਨ ਲਈ ਮੈਂ ਜੈਵਲਿਨ ਸੁੱਟਣੀ ਸਿੱਖੀ, ਮੈਨੂੰ ਨਹੀਂ ਪਤਾ ਕਿ ਕਿਵੇਂ, ਮੈਨੂੰ ਇਹ ਪਸੰਦ ਆਇਆ, ਇਸ ਲਈ ਮੈਂ ਇਸ ਨੂੰ ਅਪਣਾਇਆ ਪਰ ਜੇਕਰ ਸਾਡੇ ਕੋਲ ਪ੍ਰਤਿਭਾ ਦੀ ਪਛਾਣ ਕਰਨ ਵਾਲੇ ਲੋਕ ਹੋਣ ਤਾਂ ਅਸੀਂ ਹੋਰ ਚੰਗਾ ਕਰ ਸਕਦੇ ਹਾਂ।’’
ਉਸ ਨੇ ਕਿਹਾ,‘‘ਇਸ ਤੋਂ ਇਲਾਵਾ ਅਸੀਂ ਸਿਰਫ ਇਕ ਖੇਡ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ। ਸਾਨੂੰ ਸਾਰੀਆਂ ਖੇਡਾਂ ਵਿਚ ਚੰਗਾ ਹੋਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਤਮਗਾ ਅੰਕ ਸੂਚੀ ਵਿਚ ਜਿਹੜੇ ਦੇਸ਼ ਚੋਟੀ (ਚੀਨ, ਅਮਰੀਕਾ, ਜਾਪਾਨ) ’ਤੇ ਹਨ, ਉਹ ਸਾਰੇ ਵੱਖ-ਵੱਖ ਖੇਤਰਾਂ ਵਿਚ ਸ਼ਕਤੀਸ਼ਾਲੀ ਹਨ।’’ ਉਸ ਨੇ ਕਿਹਾ,‘‘ਉਮੀਦ ਹੈ ਕਿ ਅਸੀਂ ਅਗਲੀਆਂ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕਰਾਂਗੇ। ਸਾਨੂੰ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਪਵੇਗਾ। ਕ੍ਰਿਕਟ ਵਿਚ ਅਸੀਂ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਸਾਡੇ ਦੇਸ਼ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਸਾਨੂੰ ਹੋਰ ਜ਼ਿਆਦਾ ਕੋਚਾਂ ਦੀ ਵੀ ਲੋੜ ਹੈ।’’