ਔਖੇ ਵੇਲੇ ਵੀ ਕੁਝ ਵੱਖਰਾ ਕਰਨਾ ਸ਼ਤਰੰਜ ਤੋਂ ਸਿੱਖੋ : ਗ੍ਰੈਂਡ ਮਾਸਟਰ ਹਿਮਾਂਸ਼ੂ

04/09/2020 11:39:27 AM

ਮੁੰਬਈ  (ਨਿਕਲੇਸ਼ ਜੈਨ) : ਜਿਵੇਂ ਸ਼ਤਰੰਜ ਵਿਚ ਮੁਸ਼ਕਲ ਬਾਜ਼ੀ ਹੋਣ 'ਤੇ ਵੀ ਖਿਡਾਰੀ ਉਮੀਦ ਤੇ ਸਾਵਧਾਨੀ ਰੱਖਦਿਆਂ ਕੁਝ ਨਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਸੇ ਤਰ੍ਹਾਂ ਅੱਜ ਸਾਨੂੰ ਆਪਣੇ ਜੀਵਨ ਵਿਚ ਇਸ ਕੋਰੋਨਾ ਵਾਇਰਸ ਕਾਰਣ ਪੈਦਾ ਸਥਿਤੀ ਵਿਚ ਕਰਨਾ ਚਾਹੀਦਾ ਹੈ। ਇਹ ਕਹਿਣਾ ਹੈ ਭਾਰਤ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਦਾ, ਜਿਨ੍ਹਾਂ 'ਪੰਜਾਬ ਕੇਸਰੀ' ਨਾਲ  ਗੱਲਬਾਤ ਕਰਦਿਆਂ ਇਹ ਗੱਲ ਕਹੀ।
ਹਿਮਾਂਸ਼ੂ ਖੁਦ ਦੀ ਮਿਹਨਤ ਦੇ ਦਮ 'ਤੇ ਗ੍ਰੈਂਡਮਾਸਟਰ ਬਣੇ ਅਤੇ ਉਹ ਅਜਿਹਾ ਕਰਨ ਵਾਲੇ ਹਰਿਆਣਾ ਦੇ ਪਹਿਲੇ ਖਿਡਾਰੀ ਹਨ। ਹਿਮਾਂਸ਼ੂ ਮੌਜੂਦਾ ਸਮੇਂ ਭਾਰਤੀ ਰੇਲਵੇ ਦੇ ਅਹਿਮ ਖਿਡਾਰੀ ਹਨ। ਉਨ੍ਹਾਂ ਨੂੰ ਭਾਰਤ  ਅੰਦਰ ਹੋਣ ਵਾਲੇ ਸਭ ਤੋਂ ਜ਼ਿਆਦਾ ਕੌਮਾਂਤਰੀ ਰੇਟਿਡ ਟੂਰਨਾਮੈਂਟ ਜਿੱਤਣ ਲਈ ਜਾਣਿਆ ਜਾਂਦਾ ਹੈ। ਮੂਲ ਤੌਰ 'ਤੇ ਰੋਹਤਕ (ਹਰਿਆਣਾ) ਦੇ ਹਿਮਾਂਸ਼ੂ ਗ੍ਰੈਂਡਮਾਸਟਰ ਬਣਨ ਵਾਲੇ ਉੱਤਰੀ ਭਾਰਤ ਦੇ ਚੋਣਵੇਂ ਖਿਡਾਰੀਆਂ ਵਿਚੋਂ ਇਕ ਹਨ।

ਸਵਾਲ : ਤੁਸੀਂ ਇਸ ਸਮੇਂ ਕਿੱਥੇ ਹੋ ਅਤੇ ਇਸ ਸਮੇਂ ਦਾ ਸਾਹਮਣਾ ਕਿਵੇਂ ਕਰ ਰਹੇ ਹੋ?
ਜਵਾਬ : ਮੈਂ ਇਸ ਵੇਲੇ ਮੁੰਬਈ 'ਚ ਹਾਂ ਅਤੇ ਆਪਣੇ ਪਰਿਵਾਰ ਰੋਹਤਕ ਤੋਂ ਕਾਫੀ ਦੂਰ ਸ਼ਤਰੰਜ ਖੇਡ ਰਿਹਾ ਹਾਂ। ਲਗਾਤਾਰ ਇਕ ਕਮਰੇ ਵਿਚ ਬੰਦ ਰਹਿਣਾ ਦਿਮਾਗੀ ਤੇ ਭਾਵਨਾਤਮਕ ਤੌਰ 'ਤੇ ਕਾਫੀ ਔਖਾ ਹੈ। ਇਹ ਸਮਾਂ ਹਰ ਪਲ ਤੁਹਾਡੀ ਪ੍ਰੀਖਿਆ ਲੈ ਰਿਹਾ ਹੈ। ਅਜਿਹੀ ਹਾਲਤ ਵਿਚ ਆਨਲਾਈਨ ਸ਼ਤਰੰਜ ਖੇਡਣ ਤੋਂ ਇਲਾਵਾ ਸਿੱਖ ਵੀ ਰਿਹਾ ਹਾਂ, ਨਾਲ ਹੀ ਧਿਆਨ ਕਰ ਕੇ ਖੁਦ ਨੂੰ ਤਣਾਅ ਮੁਕਤ ਰੱਖ ਰਿਹਾ ਹਾਂ।

ਸਵਾਲ : ਦੇਸ਼ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਜਵਾਬ : ਭਾਰਤੀ ਹੋਣ ਦੇ ਨਾਤੇ ਸਾਡੇ ਸਾਰੇ ਫਰੰਟਲਾਈਨ ਹੀਰੋਜ਼ ਨੂੰ ਨਮਨ, ਜੋ ਅੱਗੇ ਰਹਿ ਕੇ ਸਾਡੀ ਇਸ ਤੋਂ ਰਾਖੀ ਕਰ ਰਹੇ ਹਨ। ਸਾਰਿਆਂ ਨੂੰ ਅਪੀਲ ਹੈ ਕਿ ਇਸ ਔਖੀ ਘੜੀ ਵਿਚ ਵੀ ਹਾਂ ਪੱਖੀ ਸੋਚ ਰੱਖੋ, ਸ਼ਤਰੰਜ ਦੀ ਖੇਡ ਸਾਨੂੰ ਇਹੋ ਸਿਖਾਉਂਦੀ ਹੈ। ਉਮੀਦ ਬਣਾਈ ਰੱਖੋ, ਅਸੀਂ ਜ਼ਰੂਰ ਕੋਰੋਨਾ ਤੋਂ ਇਹ ਜੰਗ ਜਿੱਤਾਂਗੇ।

ਸਵਾਲ : ਕੀ ਇਸ ਸਮੇਂ ਬੱਚਿਆਂ ਲਈ ਸ਼ਤਰੰਜ ਚੰਗੀ ਖੇਡ ਹੋ ਸਕਦੀ ਹੈ?
ਜਵਾਬ : ਉਂਝ ਤਾਂ ਸ਼ਤਰੰਜ ਹਰ ਉਮਰ ਦੇ ਲੋਕਾਂ ਲਈ ਹੈ ਪਰ ਅੱਜ ਦੇ ਸਮੇਂ ਬੱਚਿਆਂ ਲਈ ਇਹ ਸ਼ਾਨਦਾਰ ਹੈ, ਕਿਉਂਕਿ ਉਹ ਬਹੁਤ ਤੇਜ਼ੀ ਨਾਲ ਸਿੱਖਦੇ ਹਨ। ਇਹ ਖੇਡ ਉਨ੍ਹਾਂ ਨੂੰ ਦਿਮਾਗੀ, ਮਨੋਵਿਗਿਆਨਕ ਤੇ ਭਾਵਨਾਤਮਕ ਤੌਰ 'ਤੇ ਮਜ਼ਬੂਤ ਬਣਾਉਂਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਵੇਲੇ ਘਰਾਂ ਵਿਚ ਬੰਦ ਸਾਡੇ ਬੱਚਿਆਂ ਲਈ ਇਹ ਸ਼ਾਨਦਾਰ ਖੇਡ ਹੈ।


Ranjit

Content Editor

Related News