ਲਕਸ਼ਮਣ ਤੇ ਰਾਇਡੂ : 2 ਹੈਦਰਾਬਾਦੀਆਂ ਦੀ ਇਕ ਕਹਾਣੀ
Thursday, Apr 18, 2019 - 12:17 AM (IST)

ਨਵੀਂ ਦਿੱਲੀ- ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ ਤੇ ਕ੍ਰਿਕਟ ਵੀ ਇਸ ਦਾ ਅਪਵਾਦ ਨਹੀਂ ਹੈ। 16 ਸਾਲ ਪਹਿਲਾਂ ਜਿਨ੍ਹਾਂ ਹਾਲਾਤ 'ਚ ਵੀ. ਵੀ. ਐੱਸ. ਲਕਸ਼ਮਣ ਵਿਸ਼ਵ ਕੱਪ 2003 ਦੀ ਟੀਮ 'ਚ ਨਹੀਂ ਆ ਸਕਿਆ ਸੀ, ਲਗਭਗ ਉਸੇ ਤਰ੍ਹਾਂ ਦੀ ਹੀ ਕਹਾਣੀ ਦੂਜੇ ਹੈਦਰਾਬਾਦੀ ਬੱਲੇਬਾਜ਼ ਅੰਬਾਤੀ ਰਾਇਡੂ ਨਾਲ ਦੁਹਰਾਈ ਗਈ ਹੈ। ਤੀਜੇ ਨੰਬਰ ਦੇ ਬੱਲੇਬਾਜ਼ ਦੇ ਰੂਪ 'ਚ ਲਕਸ਼ਮਣ ਦਾ 2003 'ਚ ਵਿਸ਼ਵ ਕੱਪ ਟੀਮ 'ਚ ਸਥਾਨ ਪੱਕਾ ਮੰਨਿਆ ਜਾ ਰਿਹਾ ਸੀ ਪਰ ਟੀਮ ਦੀ ਚੋਣ ਤੋਂ ਕੁਝ ਮਹੀਨੇ ਪਹਿਲਾਂ ਨਿਊਜ਼ੀਲੈਂਡ ਦੌਰੇ 'ਤੇ ਖਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ। ਰਾਇਡੂ ਆਪਣੇ ਕਰੀਅਰ 'ਚ ਸ਼ੁਰੂ ਤੋਂ ਨੰਬਰ 3 ਜਾਂ 4 'ਤੇ ਖੇਡਦਾ ਰਿਹਾ ਹੈ। ਪਿਛਲੇ ਸਾਲ ਅਕਤੂਬਰ ਤੋਂ ਉਸ ਨੂੰ ਨਿਯਮਿਤ ਤੌਰ 'ਤੇ ਨੰਬਰ 4 'ਤੇ ਉਤਾਰਿਆ ਗਿਆ ਪਰ ਆਸਟਰੇਲੀਆ ਖਿਲਾਫ 3 ਮੈਚਾਂ 'ਚ ਨਾਕਾਮੀ ਤੋਂ ਬਾਅਦ ਉਸ ਨੂੰ ਬਾਹਰ ਕਰ ਦਿੱਤਾ ਗਿਆ ਤੇ ਹੁਣ ਲੱਗਦਾ ਹੈ ਕਿ 33 ਸਾਲਾ ਰਾਇਡੂ ਦਾ ਹੈਦਰਾਬਾਦ ਦੇ ਆਪਣੇ ਸੀਨੀਅਰ ਲਕਸ਼ਮਣ ਦੀ ਤਰ੍ਹਾਂ ਵਿਸ਼ਵ ਕੱਪ ਖੇਡਣ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ।
ਚੋਣਕਰਤਾਵਾਂ ਨੇ ਉਦੋਂ ਲਕਸ਼ਮਣ ਦੀ ਜਗ੍ਹਾ ਦਿਨੇਸ਼ ਮੋਂਗੀਆ ਨੂੰ ਲਿਆ ਸੀ। ਮੋਂਗੀਆ ਦੀ ਚੋਣ ਦਾ ਆਧਾਰ ਇਹੀ ਸੀ ਕਿ ਉਹ ਖੇਡ ਦੇ ਤਿੰਨੋਂ ਪੜਾਵਾਂ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ 'ਚ ਥੋੜ੍ਹਾ-ਥੋੜ੍ਹਾ ਯੋਗਦਾਨ ਦੇ ਸਕਦਾ ਸੀ, ਜਦਕਿ ਲਕਸ਼ਮਣ ਪਿਓਰ ਬੱਲੇਬਾਜ਼ ਸੀ। ਰਾਇਡੂ ਦੀ ਜਗ੍ਹਾ ਚੁਣੇ ਗਏ ਵਿਜੇ ਸ਼ੰਕਰ ਨੇ ਇਸ ਸਾਲ ਇਕ ਦਿਨਾ ਕੌਮਾਂਤਰੀ ਕ੍ਰਿਕਟ 'ਚ ਸ਼ੁਰੂਆਤ ਕੀਤੀ ਤੇ ਹੁਣ ਤੱਕ ਸਿਰਫ 9 ਮੈਚ ਖੇਡੇ ਹਨ। ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਨੇ ਸ਼ੰਕਰ ਦੀ ਚੋਣ 'ਤੇ 'ਤ੍ਰਿਆਯਾਮੀ' ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਉਹ ਤਿੰਨਾਂ ਪੜਾਵਾਂ 'ਚ ਯੋਗਦਾਨ ਦੇ ਸਕਦਾ ਹੈ। ਰਾਇਡੂ ਪਿਓਰ ਬੱਲੇਬਾਜ਼ ਹੈ।