ਲੁਸਾਨੇ ਡਾਇਮੰਡ ਲੀਗ : ਨੀਰਜ ਨੇ ਸਰਵੋਤਮ ਥ੍ਰੋਅ ਨਾਲ ਦੂਜਾ ਸਥਾਨ ਕੀਤਾ ਹਾਸਲ, ਫਾਈਨਲ ''ਚ ਪਹੁੰਚੇ
Friday, Aug 23, 2024 - 11:45 AM (IST)
ਲੁਸਾਨੇ : ਪੈਰਿਸ ਓਲੰਪਿਕ ਦੇ ਚਾਂਦੀ ਦਾ ਤਮਗਾ ਜੇਤੂ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਵਿੱਚ ਆਪਣੇ ਛੇਵੇਂ ਅਤੇ ਆਖਰੀ ਥਰੋਅ ਵਿੱਚ 89.49 ਮੀਟਰ ਦੀ ਦੂਰੀ ਤੈਅ ਕਰ ਕੇ ਦੂਜਾ ਸਥਾਨ ਹਾਸਲ ਕੀਤਾ। ਗ੍ਰੇਨੇਡਾ ਦੇ ਐਂਡਰਸਨ ਪੀਟਰਸ 90.61 ਮੀਟਰ ਦੇ ਆਪਣੇ ਆਖਰੀ ਥਰੋਅ ਨਾਲ ਅਤੇ ਜਰਮਨੀ ਦੇ ਜੂਲੀਅਨ ਵੇਬਰ 88.37 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ ਕ੍ਰਮਵਾਰ ਪਹਿਲੇ ਅਤੇ ਤੀਜੇ ਸਥਾਨ 'ਤੇ ਰਹੇ।
ਇਹ ਚੋਪੜਾ ਦਾ ਸੀਜ਼ਨ ਦਾ ਸਭ ਤੋਂ ਵਧੀਆ ਅਤੇ ਹੁਣ ਤੱਕ ਦਾ ਦੂਜਾ ਸਰਵੋਤਮ ਥਰੋਅ ਸੀ। ਪੈਰਿਸ ਵਿੱਚ ਉਨ੍ਹਾਂ ਨੇ 89.45 ਮੀਟਰ ਦੀ ਦੂਰੀ ਤੈਅ ਕੀਤੀ। ਚੋਪੜਾ ਚੌਥੇ ਗੇੜ ਦੇ ਅੰਤ ਵਿੱਚ ਚੌਥੇ ਸਥਾਨ 'ਤੇ ਸੀ ਪਰ ਪੰਜਵੇਂ ਥਰੋਅ ਵਿੱਚ 85.58 ਮੀਟਰ ਦੀ ਦੂਰੀ ਸੁੱਟ ਕੇ ਚੋਟੀ ਦੇ ਤਿੰਨ ਵਿੱਚ ਪਹੁੰਚਣ ਅਤੇ ਅਗਲੇ ਮਹੀਨੇ ਬ੍ਰਸੇਲਜ਼ ਵਿੱਚ ਹੋਣ ਵਾਲੀ ਡਾਇਮੰਡ ਲੀਗ 2024 ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਚੌਥਾ ਸਥਾਨ ਯੂਕ੍ਰੇਨ ਦੇ ਆਰਟਰ ਫੇਲਨਰ ਨੇ ਹਾਸਲ ਕੀਤਾ, ਜਿਸ ਦਾ ਸਰਵੋਤਮ ਥਰੋਅ 83.38 ਮੀਟਰ ਸੀ।
ਹਾਲਾਂਕਿ ਚੋਪੜਾ ਨੇ ਪਿਛਲੀਆਂ ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਨਹੀਂ ਜਿੱਤਿਆ ਸੀ, ਪਰ ਫਿਰ ਵੀ ਉਨ੍ਹਾਂ ਨੇ ਭਾਰਤ ਲਈ ਇਤਿਹਾਸ ਰਚਿਆ, ਉਹ ਪਹਿਲਵਾਨ ਸੁਸ਼ੀਲ ਕੁਮਾਰ ਤੋਂ ਬਾਅਦ ਓਲੰਪਿਕ ਵਿੱਚ ਲਗਾਤਾਰ ਦੋ ਤਮਗੇ ਜਿੱਤਣ ਵਾਲਾ ਦੂਜਾ ਅਤੇ ਕੁੱਲ ਮਿਲਾ ਕੇ ਤੀਜਾ ਖਿਡਾਰੀ ਬਣ ਗਿਆ, ਜਿਨ੍ਹਾਂ ਨੇ 2008 ਅਤੇ 2012 ਦੀਆਂ ਖੇਡਾਂ ਵਿੱਚ ਕਾਂਸੀ ਅਤੇ ਚਾਂਦੀ ਦਾ ਤਮਗਾ ਜਿੱਤਿਆ ਸੀ। ਪੀ.ਵੀ. ਸਿੰਧੂ ਲਗਾਤਾਰ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਹੈ, ਜਿਨ੍ਹਾਂ ਨੇ ਰੀਓ 2016 ਵਿੱਚ ਚਾਂਦੀ ਅਤੇ ਟੋਕੀਓ 2020 ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਪੈਰਿਸ ਵਿੱਚ ਚੋਪੜਾ ਨੇ 89.45 ਮੀਟਰ ਤੱਕ ਜੈਵਲਿਨ ਸੁੱਟਿਆ, ਜੋ ਟੋਕੀਓ 'ਚ ਉਨ੍ਹਾਂ ਨੂੰ ਸੋਨ ਤਮਗਾ ਦਿਵਾਉਣ ਵਾਲੇ 87.58 ਮੀਟਰ ਤੋਂ ਸਪੱਸ਼ਟ ਸੁਧਾਰ ਸੀ ਪਰ ਇਹ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਡਾਇਮੰਡ ਲੀਗ ਫਾਈਨਲ ਜੇਤੂ ਲਈ ਕਾਫ਼ੀ ਸਾਬਤ ਨਹੀਂ ਹੋਇਆ ਕਿਉਂਕਿ ਖੇਡ 'ਚ ਉਨ੍ਹਾਂ ਦੇ ਚੰਗੇ ਦੋਸਤ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੀ ਵਿਸ਼ਾਲ ਥਰੋਅ ਨਾਲ ਸੋਨ ਤਮਗਾ ਜਿੱਤ ਕੇ ਓਲੰਪਿਕ ਰਿਕਾਰਡ ਬਣਾਇਆ।