ਕੁੰਬਲੇ ਦੀ ਰਾਏ- ਟੈਸਟ ਤੇ ਸੀਮਿਤ ਓਵਰਾਂ ਦੀਆਂ ਵੱਖ-ਵੱਖ ਹੋਣ ਟੀਮਾਂ
Tuesday, Nov 15, 2022 - 02:39 PM (IST)
ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਤੇ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਕੌਮਾਂਤਰੀ ਕ੍ਰਿਕਟ ਵਿਚ ਅੱਗੇ ਵਧਣ ਲਈ ਸੀਮਤ ਓਵਰਾਂ ਤੇ ਟੈਸਟ ਫਾਰਮੈਟ ਦੀਆਂ ਪੂਰੀ ਤਰ੍ਹਾਂ ਵੱਖ ਟੀਮਾਂ ਹੋਣੀਆਂ ਚਾਹੀਦੀਆਂ ਹਨ। ਇੰਗਲੈਂਡ ਦੀ ਵਨ ਡੇ ਤੇ ਟੀ-20 ਵਿਚ ਕਾਮਯਾਬੀ ਤੋਂ ਬਾਅਦ ਚਿੱਟੀ ਗੇਂਦ ਤੇ ਲਾਲ ਗੇਂਦ ਨਾਲ ਖੇਡੀ ਜਾਣ ਵਾਲੀ ਕ੍ਰਿਕਟ ਲਈ ਵੱਖ-ਵੱਖ ਟੀਮਾਂ ਰੱਖਣ ਦੀ ਚਰਚਾ ਸ਼ੁਰੂ ਹੋ ਗਈ ਹੈ।
ਕੁੰਬਲੇ ਨੇ ਕਿਹਾ ਕਿ ਯਕੀਨੀ ਤੌਰ 'ਤੇ ਤੁਹਾਨੂੰ ਵੱਖ-ਵੱਖ ਟੀਮਾਂ ਦੀ ਲੋੜ ਪਵੇਗੀ। ਤੁਹਾਨੂੰ ਟੀ-20 ਮਾਹਿਰਾਂ ਦੀ ਲੋੜ ਪੈਂਦੀ ਹੈ। ਮੈਨੂੰ ਲਗਦਾ ਹੈ ਕਿ ਇੰਗਲੈਂਡ ਦੀ ਇਸ ਟੀਮ ਨੇ ਇਹ ਦਿਖਾਇਆ ਹੈ ਤੇ ਇੱਥੇ ਤਕ ਕਿ ਪਿਛਲੀ ਵਾਰ ਟੀ-20 ਵਿਸ਼ਵ ਕੱਪ ਚੈਂਪੀਅਨ ਆਸਟ੍ਰੇਲੀਆ ਨੇ ਵੀ ਸਾਬਤ ਕੀਤਾ ਹੈ ਕਿ ਤੁਹਾਡੇ ਕੋਲ ਵੱਧ ਤੋਂ ਵੱਧ ਹਰਫ਼ਨਮੌਲਾ ਹੋਣੇ ਚਾਹੀਦੇ ਹਨ। ਲਿਆਮ ਲਿਵਿੰਗਸਟੋਨ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਆਉਂਦਾ ਹੈ। ਕਿਸੇ ਵੀ ਹੋਰ ਟੀਮ ਕੋਲ ਨੰਬਰ ਸੱਤ 'ਤੇ ਲਿਵਿੰਗਸਟੋਨ ਵਰਗਾ ਬੱਲੇਬਾਜ਼ ਨਹੀਂ ਹੈ।
ਇਹ ਵੀ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਏਬ ਨੇ ਸਾਨੀਆ ਮਿਰਜ਼ਾ ਨੂੰ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ
ਆਸਟ੍ਰੇਲੀਆ ਲਈ ਮਾਰਕਸ ਸਟੋਈਨਿਸ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਾ ਹੈ। ਤੁਹਾਨੂੰ ਅਜਿਹੀ ਟੀਮ ਤਿਆਰ ਕਰਨੀ ਪਵੇਗੀ। ਕੁੰਬਲੇ ਨੇ ਕਿਹਾ ਕਿ ਮੈਂ ਅਸਲ ਵਿਚ ਇਸ ਨੂੰ ਲੈ ਕੇ ਪੱਕਾ ਨਹੀਂ ਹਾਂ ਕਿ ਤੁਹਾਨੂੰ ਵੱਖ ਕਪਤਾਨ ਜਾਂ ਵੱਖ ਕੋਚ ਚਾਹੀਦਾ ਹੈ। ਇਹ ਸਭ ਕੁਝ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਟੀਮ ਦੀ ਚੋਣ ਕਰਨ ਜਾ ਰਹੇ ਹੋ। ਇਸ ਤੋਂ ਬਾਅਦ ਤੈਅ ਕਰੋ ਕਿ ਤੁਹਾਨੂੰ ਕਿਹੋ ਜਿਹਾ ਸਹਿਯੋਗੀ ਸਟਾਫ ਤੇ ਕਪਤਾਨ ਚਾਹੀਦਾ ਹੈ।
ਹਾਲਾਂਕਿ, ਸਾਬਕਾ ਆਸਟ੍ਰੇਲੀਆਈ ਆਲਰਾਊਂਡਰ ਟੌਮ ਮੂਡੀ ਨੇ ਕਿਹਾ ਕਿ ਅੰਤਰਰਾਸ਼ਟਰੀ ਟੀਮਾਂ ਨੂੰ ਵੱਖ-ਵੱਖ ਕੋਚਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇੰਗਲੈਂਡ ਵਿਚ ਬ੍ਰੈਂਡਨ ਮੈਕੁਲਮ ਇਸ ਦੇ ਟੈਸਟ ਕੋਚ ਹਨ ਜਦਕਿ ਮੈਥਿਊ ਮੋਟ ਸੀਮਤ ਓਵਰਾਂ ਦੀ ਟੀਮ ਦੇ ਕੋਚ ਹਨ। ਇੰਗਲੈਂਡ ਦੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਮੂਡੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅੱਗੇ ਦਾ ਰਸਤਾ ਹੈ, ਚਾਹੇ ਉਹ ਖਿਡਾਰੀ ਹੋਣ ਜਾਂ ਸਪੋਰਟ ਸਟਾਫ, ਉਨ੍ਹਾਂ ਨੂੰ ਵੱਖ ਰੱਖਣ 'ਤੇ ਗੰਭੀਰਤਾ ਨਾਲ ਵਿਚਾਰ ਕਰੋ। ਅਜਿਹਾ ਕਰਨ ਦੀ ਲੋੜ ਹੈ।'' ਉਸ ਨੇ ਕਿਹਾ, ''ਇੰਝ ਲੱਗਦਾ ਹੈ ਕਿ ਇੰਗਲੈਂਡ ਦੀ ਟੈਸਟ ਅਤੇ ਸੀਮਤ ਓਵਰਾਂ ਦੀਆਂ ਟੀਮਾਂ 'ਚ ਵੱਡਾ ਫਰਕ ਹੈ। ਉਨ੍ਹਾਂ ਨੇ ਚੰਗੇ ਖਿਡਾਰੀ ਪੈਦਾ ਕੀਤੇ ਹਨ।''
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।